ਲੁਧਿਆਣਾ ਦੇ ਫੁਹਾਰਾ ਚੌਕ ਵਿੱਚ ਸੜਕ ਧਸੀ
ਪਹਿਲਾਂ ਪੱਖੋਵਾਲ ਰੋਡ, ਫਿਰ ਮਾਡਲ ਟਾਉਣ ਤੇ ਅੱਜ ਫੁਹਾਰਾ ਚੌਕ ਨੇੜੇ ਸੜਕ ਧੱਸ ਗਈ। ਇੱਥੇ ਵੀ ਸ਼ਾਮ ਦੇ ਸਮੇਂ ਸੜਕ ਧਸੀ, ਜਿਸ ਦੌਰਾਨ ਵੱਡਾ ਬਚਾਅ ਹੋ ਗਿਆ। ਪਰ ਉਥੋਂ ਲੰਘ ਰਹੀ ਇੱਕ ਕਾਰ ਦਾ ਅਗਲਾ ਪਹਿਆ ਗੱਡੇ ਵਿੱਚ ਫੱਸ ਗਿਆ ਤੇ ਲੋਕਾਂ ਨੇ ਰਲ ਕੇ ਗੱਡੀ ਨੂੰ ਬਾਹਰ ਕੱਢਿਆ। ਸੜਕ ਧਸਣ ਦੀ ਜਾਣਕਾਰੀ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਦਿੱਤੀ ਗਈ ਜਿਸ ਮਗਰੋਂ ਉਹ ਜੇਸੀਬੀ ਮਸ਼ੀਨ ਤੇ ਹੋਰ ਸਾਮਾਨ ਲੈ ਕੇ ਸੜਕ ਦੀ ਮੁਰੰਮਤ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਾਫ਼ੀ ਥੱਲੇ ਤੱਕ ਟੋਇਆ ਪੱਟ ਕੇ ਦੇਖਿਆ ਪਰ ਸੜਕ ਧਸਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਫਿਲਹਾਲ ਦੇਰ ਸ਼ਾਮਲ ਤੱਕ ਨਿਗਮ ਦੇ ਮੁਲਾਜ਼ਮਾਂ ਨੇ ਮਿੱਟੀ ਭਰ ਕੇ ਟੋਆ ਕਾਫ਼ੀ ਪੂਰ ਦਿੱਤਾ ਸੀ।
ਸੋਮਵਾਰ ਦੇਰ ਸ਼ਾਮ ਨੂੰ ਫੁਹਾਰਾ ਚੌਕ ਵਿੱਚ ਅਚਾਨਕ ਸੜਕ ਧਸੀ ਤੇ ਦੇਖਦੇ ਹੀ ਦੇਖਦੇ ਇਹ ਟੋਆ ਚਾਰ ਫੁੱਟ ਚੌੜਾਈ ਤੱਕ ਫੈਲ ਗਿਆ। ਸੜਕ ਧਸਣ ਦੀ ਖ਼ਬਰ ਮਿਲਦੇ ਹੀ ਨਗਰ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ, ਸੜਕ ’ਤੇ ਆਵਾਜਾਈ ਬੰਦ ਕਰ ਕੇ ਇਸ ਦੀ ਮੁਰੰਮਤ ਸ਼ੁਰੂ ਕੀਤੀ ਗਈ। ਰਾਤ ਕਰੀਬ 8 ਵਜੇ ਤੋਂ ਬਾਅਦ ਸੜਕ ’ਤੇ ਆਵਾਜਾਈ ਬਹਾਲ ਹੋ ਗਈ ਸੀ।
ਡੱਬੀ:::::ਸੜਕ ਧਸਣ ਪਿਛਲੇ ਕਾਰਨਾਂ ਦੀ ਘੋਖ ਕੀਤੀ ਜਾਵੇਗੀ: ਸੁਪਰਡੈਂਟ ਇੰਜਨੀਅਰ
ਸੁਪਰਡੈਂਟ ਇੰਜਨੀਅਰ ਸ਼ਾਮ ਲਾਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਉਕਤ ਸੜਕ ’ਤੇ ਵੱਡਾ ਟੋਆ ਪੈ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਟੀਮ ਪਹੁੰਚੀ ਅਤੇ ਕਾਰਨ ਦਾ ਪਤਾ ਲਗਾਉਣ ਲਈ ਜੇਸੀਬੀ ਦੀ ਮਦਦ ਨਾਲ 8 ਫੁੱਟ ਤੱਕ ਟੋਆ ਪੁੱਟਿਆ ਗਿਆ ਪਰ ਨਾ ਤਾਂ ਸੀਵਰੇਜ ਲੀਕੇਜ ਅਤੇ ਨਾ ਹੀ ਪਾਣੀ ਦੀ ਲੀਕੇਜ ਵਰਗੀ ਕੋਈ ਚੀਜ਼ ਸਾਹਮਣੇ ਆਈ। ਫਿਲਹਾਲ ਟੋਆ ਪੂਰ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਸੜਕ ਧਸਣ ਪਿਛਲੇ ਕਾਰਨਾਂ ਦੀ ਘੋਖ ਕੀਤੀ ਜਾਵੇਗੀ।