ਆਰ ਐੱਮ ਪੀ ਆਈ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਮੁਜ਼ਾਹਰਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਕੇ ਮੰਗ ਕੀਤੀ ਗਈ ਕਿ ਹੜ੍ਹ ਪੀੜਤਾਂ ਦੇ ਜਾਨੀ-ਮਾਲੀ, ਫ਼ਸਲਾਂ, ਜ਼ਮੀਨ, ਘਰਾਂ, ਪਸ਼ੂ ਧਨ ਅਤੇ ਹੋਰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਹੜ੍ਹਾਂ ਲਈ ਜ਼ਿੰਮੇਵਾਰ ਅਫ਼ਸਰਸ਼ਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪਾਰਟੀ ਆਗੂਆਂ ਚਮਨ ਲਾਲ, ਗੁਰਮੇਲ ਸਿੰਘ ਰੂਮੀ, ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੰਦੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਅਮਰਜੀਤ ਸਿੰਘ ਸਹਿਜਾਦ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਆਗੂਆਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਲਈ ਜ਼ਿੰਮੇਵਾਰ ਅਫ਼ਸਰਸ਼ਾਹੀ ਜਿਸ ਨੇ ਹੜ੍ਹਾਂ ਤੋ ਪਹਿਲਾਂ ਇਸ ਦੀ ਰੋਕਥਾਮ ਲਈ ਯੋਗ ਉਪਰਾਲੇ ਨਹੀਂ ਕੀਤੇ, ਦੀ ਮੁਕੰਮਲ ਜਾਂਚ ਕਰਵਾਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਮੈਂਬਰ ਪ੍ਰੌ. ਜੈਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਕਰਨ ਲਈ ਪੰਜਾਬ ਸਰਕਾਰ ਨੂੰ 40 ਹਜ਼ਾਰ ਕਰੋੜ ਰੁਪਏ ਦੀ ਅੰਤਿਰਮ ਰਾਹਤ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਬੇਜ਼ਮੀਨੇ ਸਾਧਨਹੀਣ ਕਿਰਤੀਆਂ, ਗਰੀਬ ਕਿਸਾਨਾਂ, ਅਬਾਦਕਾਰਾਂ, ਠੇਕੇ ਤੇ ਜ਼ਮੀਨਾਂ ਵਹਾਉਣ ਵਾਲੇ ਕਾਸ਼ਤਕਾਰਾਂ, ਰੇਹੜੀ ਫੜ੍ਹੀ ਲਗਾਉਣ ਵਾਲੇ, ਛੋਟੇ ਕਾਰੋਬਾਰੀਆਂ ਅਤੇ ਹੜ੍ਹ ਦੀ ਮਾਰ ਹੇਠ ਆਉਣ ਵਾਲੇ ਹਰ ਵਿਆਕਤੀ ਨੂੰ ਮੁਆਵਜ਼ਾ ਮਿਲੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਪੰਜਾਬ ਅੰਦਰ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਪਰਮਜੀਤ ਸਿੰਘ ਅਤੇ ਜਗਦੀਸ਼ ਚੰਦ ਨੇ ਕਿਹਾ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਸਤੋਂ ਪਹਿਲਾਂ ਮੁਜ਼ਾਹਰਾਕਾਰੀ ਪੰਜਾਬੀ ਭਵਨ ਸਾਹਮਣੇ ਇੱਕਠੇ ਹੋਏ ਅਤੇ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਸੋਂਪਿਆ। ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਕੇਂਦਰ ਤੇ ਸੂਬਾ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਦੀਪ ਸਿੰਘ ਕਲਸੀ, ਸ਼ੇਰ ਸਿੰਘ ਲੋਹਟਬਦੀ, ਲਛਮਣ ਸਿੰਘ ਕੂਮਕਲਾਂ, ਪਰਮ ਜੀਤ ਸਿੰਘ ਮਾਛੀਵਾੜਾ, ਦਲਵੀਰ ਸਿੰਘ ਪਾਗਲੀਆ, ਤਹਿਸੀਲਦਾਰ ਯਾਦਵ, ਬਲਰਾਮ ਸਿੰਘ, ਦਰਸ਼ਨ ਸਿੰਘ ਸਾਇਆ, ਅਜੀਤ ਕੁਮਾਰ, ਬਲਰਾਜ ਸਿੰਘ ਕੋਟਉਮਰਾ, ਬਲਜੀਤ ਸਿੰਘ ਗੋਰਸੀਆ, ਲਖਵੀਰ ਸਿੰਘ ਦਾਖਾ, ਕੁਲਵਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਮੋਹੀ, ਪਰਮਜੀਤ ਸਿੰਘ ਪੀਜਵਾਲੇ ਮੋਹੀ, ਨਛੱਤਰ ਸਿੰਘ, ਚਮਕੌਰ ਸਿੰਘ ਛਪਾਰ, ਤਿਲਕ ਰਾਜ ਹਾਜ਼ਰ ਸਨ।