ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਉਦਘਾਟਨ ਦੀਆਂ ਤਿਆਰੀਆਂ ਦਾ ਜਾਇਜ਼ਾ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਵਰਚੁਅਲ ਉਦਘਾਟਨ ਤੋਂ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਦਘਾਟਨੀ ਸਮਾਗਮ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ। ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ, ਪੀਐੱਸਪੀਸੀਐੱਲ, ਏਅਰਪੋਰਟ ਅਥਾਰਿਟੀ ਆਫ਼ ਇੰਡੀਆ, ਕੌਮੀ ਰਾਜ ਮਾਰਗ ਅਥਾਰਿਟੀ ਆਫ਼ ਇੰਡੀਆ ਅਤੇ ਡਰੇਨੇਜ ਵਿਭਾਗਾਂ ਦੇ ਮੁੱਖ ਅਧਿਕਾਰੀਆਂ ਤੋਂ ਇਲਾਵਾ ਨਿਰਮਾਣ ਕੰਪਨੀ ਦੇ ਨੁਮਾਇੰਦਿਆਂ ਦੀ ਮੌਕੇ ’ਤੇ ਬੁਲਾਈ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜੈਨ ਨੇ ਸਾਫ਼-ਸਫ਼ਾਈ ਸਮੇਤ ਕਈ ਛੋਟੇ-ਛੋਟੇ ਕੰਮਾਂ ਦੀ ਪ੍ਰਗਤੀ ਦਾ ਨਿਰੀਖਣ ਕੀਤਾ। ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਦੋ ਦਿਨ ਦੇ ਅੰਦਰ ਸਾਰੀ ਵਿਵਸਥਾ ਪੂਰੀ ਕਰਨ ਦੀ ਹਦਾਇਤ ਦਿੱਤੀ। ਡਿਪਟੀ ਕਮਿਸ਼ਨਰ ਜੈਨ ਨੇ ਦਾਅਵਾ ਕੀਤਾ ਕਿ ਟਰਮੀਨਲ ਇਮਾਰਤ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਹਵਾਈ ਅੱਡੇ ਦਾ ਅਧਿਕਾਰਤ ਕੋਡ ਜਾਰੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਕਾਰਜਸ਼ੀਲ ਹੋਣ ਨਾਲ ਇਹ ਆਰਥਿਕ ਵਿਕਾਸ ਦਾ ਕੇਂਦਰ ਬਣ ਕੇ ਉੱਭਰੇਗਾ। ਉੱਧਰ ਏਅਰਪੋਰਟ ਅਥਾਰਿਟੀ ਦੇ ਸੂਤਰਾਂ ਅਨੁਸਾਰ ਹਾਲੇ ਤੱਕ ਕਿਸੇ ਵੀ ਹਵਾਈ ਕੰਪਨੀ ਨੇ ਹਲਵਾਰਾ ਹਵਾਈ ਅੱਡੇ ਤੋਂ ਕੋਈ ਅਜ਼ਮਾਇਸ਼ੀ ਉਡਾਣ ਨਹੀਂ ਭਰੀ ਹੈ ਅਤੇ ਨਾ ਹੀ ਹਵਾਈ ਉਡਾਣਾਂ ਸਬੰਧੀ ਕੋਈ ਸਮਾਂ ਸਾਰਨੀ ਜਾਰੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਦੀ ਹਵਾਈ ਪੱਟੀ ਦੇ ਵਿਸਥਾਰ ਦਾ ਕੰਮ ਜਾਰੀ ਹੈ, ਇਸ ਨੂੰ ਪੂਰਾ ਹੋਣ ਲਈ ਕੁਝ ਹੋਰ ਸਮਾਂ ਲੱਗਣ ਦੀਆਂ ਸੰਭਾਵਨਾਵਾਂ ਹਨ।