ਰਸੂਲਪੁਰ ਮੱਲ੍ਹਾ ਦੇ ਵਾਸੀਆਂ ਨੂੰ ਨਹੀਂ ਮਿਲ ਰਿਹੈ ਪਾਣੀ
ਪਿੰਡ ਦੇ ਮਜ਼ਦੂਰ ਆਗੂ ਅਵਤਾਰ ਸਿੰਘ ਤਾਰੀ ਤੇ ਹੋਰਨਾਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਪਿੰਡਾਂ ਅੰਦਰ ਸਥਾਪਤ ਪਾਣੀ ਵਾਲੀਆਂ ਟੈਂਕੀਆਂ, ਜਿਨ੍ਹਾਂ ਦਾ ਪ੍ਰਬੰਧ ਗ੍ਰਾਮ ਪੰਚਾਇਤ ਨੂੰ ਦੇ ਕੇ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਕਿਨਾਰਾ ਕਰ ਲਿਆ ਸੀ, ਦਾ ਹੁਣ ਬੁਰਾ ਹਾਲ ਹੈ। ਇਨ੍ਹਾਂ ਪਾਣੀ ਵਾਲੀ ਟੈਂਕੀਆਂ ਵਿੱਚੋਂ ਹੀ ਇੱਕ ਰਸੂਲਪੁਰ ਪਿੰਡ ਦੀ ਹੈ।
ਪਿੰਡ ਦੇ ਵਸਨੀਕ ਕਰਮ ਸਿੰਘ, ਅਜੈਬ ਸਿੰਘ, ਪ੍ਰੇਮ ਸਿੰਘ ਅਤੇ ਜਸਮੇਲ ਸਿੰਘ ਨੇ ਦੱਸਿਆ ਕਿ ਇਸ ਨੀਤੀ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਜਲ ਸਪਲਾਈ ਵਿੱਚ ਕੋਈ ਨਾ ਕੋਈ ਵਿਘਨ ਪਿਆ ਰਹਿੰਦਾ ਹੈ। ਤਕਨੀਕੀ ਤੌਰ ’ਤੇ ਮਾਹਿਰ ਮੁਲਾਜ਼ਮ ਦੀ ਘਾਟ ਅਤੇ ਪੰਚਾਇਤਾਂ ਕੋਲ ਫੰਡਾਂ ਦੀ ਥੁੜ ਵੀ ਪਾਣੀ ਸਪਲਾਈ ਵਿੱਚ ਵਿਘਨ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਵੀ ਇਕ ਹਫ਼ਤੇ ਤੋਂ ਜਲ ਸਪਲਾਈ ਬੰਦ ਪਈ ਹੈ, ਜਿਸ ਕਾਰਨ ਲੋਕ ਪਾਣੀ ਨੂੰ ਤਰਸ ਰਹੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਅਤੇ ਨਿਰਮਲ ਸਿੰਘ ਨੇ ਮੰਗ ਕੀਤੀ ਕਿ ਪਾਣੀ ਵਾਲੀ ਟੈਂਕੀ ਵਿੱਚ ਪਏ ਨੁਕਸ ਨੂੰ ਠੀਕ ਕਰਕੇ ਜਲਦੀ ਜਲ ਸਪਲਾਈ ਚਾਲੂ ਕੀਤੀ ਜਾਵੇ।
