ਗਿਆਰਾਂ ਦਿਨਾਂ ਤੋਂ ਪਾਣੀ ਦੀ ਬੂੰਦ-ਬੂੰਦ ਲਈ ਤਰਸੇ ਭੂੰਦੜੀ ਵਾਸੀ
ਪਿੰਡ ਭੂੰਦੜੀ ਵਿੱਚ ਗਿਆਰਾਂ ਦਿਨਾਂ ਤੋਂ ਪਾਣੀ ਨਾ ਆਉਣ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਰੋਸ ਮੁਜ਼ਾਹਰਾ ਕੀਤਾ। ਔਰਤਾਂ ਨੇ ਹੱਥਾਂ ਵਿੱਚ ਖਾਲੀ ਬਾਲਟੀਆਂ ਲੈ ਕੇ ਰੋਸ ਜ਼ਾਹਰ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਜਥੇਬੰਦੀ ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਸੀਰਾ ਤੇ ਸੂਬਾਈ ਆਗੂ ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਗਿਆਰਾਂ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ। ਇਸੇ ਰੋਸ ਵਿੱਚ ਪਿੰਡ ਦੇ ਖੇਡ ਪਾਰਕ ਵਿੱਚ ਵੀ ਲੋਕਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਇਨ੍ਹਾਂ ਆਗੂਆਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਪਾਣੀ ਦੀ ਅਤਿਅੰਤ ਲੋੜ ਹੈ ਪਰ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਸੀਬ ਨਹੀਂ ਹੋ ਰਿਹਾ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਬੋਰ ਖ਼ਰਾਬ ਹੋ ਗਿਆ ਹੈ। ਪਹਿਲਾਂ ਕਿਹਾ ਗਿਆ ਕਿ ਇਹ ਦੋ ਚਾਰ ਦਿਨ ਵਿੱਚ ਠੀਕ ਹੋ ਜਾਵੇਗੀ ਤੇ ਪਾਣੀ ਦੀ ਸਪਲਾਈ ਪਹਿਲਾਂ ਵਾਂਹ ਬਹਾਲ ਕਰ ਦਿੱਤੀ ਜਾਵੇਗੀ। ਇੱਕ ਥਾਂ ’ਤੇ ਪਹਿਲਾਂ ਹੀ ਦੋ ਬੋਰ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਗਿਆਰਾਂ ਦਿਨ ਬੀਤਣ ’ਤੇ ਵੀ ਪਾਣੀ ਦੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ। ਇਸ ਮੌਕੇ ਇਕੱਤਰਤਾ ਵਿੱਚ ਪ੍ਰਧਾਨ ਡਾ. ਸੁਖਦੇਵ ਭੂੰਦੜੀ ਤੋਂ ਇਲਾਵਾ ਦਰਬਾਰਾ ਸਿੰਘ, ਬਾਬਾ ਸੁੱਚਾ ਸਿੰਘ, ਬਲਦੇਵ ਸਿੰਘ, ਸਾਹਿਬ ਸਿੰਘ, ਸੁਰਜੀਤ ਸਿੰਘ ਭੰਡਾਰੀ, ਸੁੱਖਾ ਸਿੰਘ, ਬਲਦੇਵ ਸਿੰਘ ਦੇਬੀ, ਮਨਜੀਤ ਕੌਰ, ਜਸਬੀਰ ਕੌਰ, ਅਮਨਦੀਪ ਕੌਰ, ਬਲਵੀਰ ਕੌਰ, ਮੇਵਾ ਸਿੰਘ, ਜਗਦੀਪ ਸਿੰਘ, ਜਸਪਾਲ ਸਿੰਘ, ਸੋਨੀ, ਮੇਵਾ ਸਿੰਘ, ਬਾਲੀ ਸਿੰਘ ਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।