ਮੁੱਲਾਂਪੁਰ ਵਿੱਚ ਟੁੱਟੀਆਂ ਸੜਕਾਂ ਦੀ ਮੁਰੰਮਤ ਸ਼ੁਰੂ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਮੁੱਲਾਂਪੁਰ ਸ਼ਹਿਰ ਅੰਦਰ ਬਣਾਏ ਗਏ ਪੁਲ ਹੇਠਾਂ ਦੋਵੇਂ ਪਾਸੇ ਸਰਵਿਸ ਲੇਨ ਨਾਲ ਲੱਗਦੀ ਡੂੰਘੇ ਟੋਇਆਂ ਵਾਲੀ ਟੁੱਟੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਵੇਂ ਇਹ ਕੰਮ ਦੋ ਮਹੀਨੇ ਪੱਛੜ ਕੇ ਸ਼ੁਰੂ ਹੋਇਆ ਤਾਂ ਵੀ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮੁੱਲਾਂਪੁਰ ਸ਼ਹਿਰ ਅੰਦਰ ਡੂੰਘੇ ਟੋਇਆਂ ਵਾਲੀਆਂ ਟੁੱਟੀਆਂ ਸੜਕਾਂ ਅਤੇ ਨਾਲੇ ਦੀ ਸਫ਼ਾਈ ਕਰਵਾਉਣ ਲਈ ਬੀਤੇ 27 ਅਗਸਤ ਨੂੰ ਚੌਕੀਮਾਨ ਟੌਲ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਅਗਲੇ ਦਿਨ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਦੋ ਘੰਟੇ ਲਈ ਸੰਕੇਤਕ ਟੌਲ ਨੂੰ ਪਰਚੀ ਮੁਕਤ ਕੀਤਾ ਸੀ। ਇਸ ’ਤੇ ਅਧਿਕਾਰੀਆਂ ਨੇ ਇਹ ਮੰਗਾਂ ਮੰਨਣ ਅਤੇ ਸੜਕ ਬਣਾਉਣ ਦਾ ਭਰੋਸਾ ਦਿੱਤਾ ਸੀ। ਬੀ ਕੇ ਯੂ (ਡਕੌਂਦਾ) ਨੇ ਸੜਕ ਨਾ ਬਣਨ ’ਤੇ ਪੱਕਾ ਮੋਰਚਾ ਲਾ ਕੇ ਟੌਲ ਪਰਚੀ ਮੁਕਤ ਕਰਨ ਦੀ ਧਮਕੀ ਦਿੱਤੀ ਸੀ ਜਿਸ ’ਤੇ ਫੌਰੀ ਬਜਰੀ ਵਾਲੇ ਟਰੱਕ ਸੜਕ ਕੰਢੇ ਲਿਆ ਕੇ ਸੁੱਟੇ ਗਏ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਕੰਮ ਇਥੇ ਹੀ ਰੋਕ ਦਿੱਤਾ ਅਤੇ ਉਡੀਕ ਵਿੱਚ ਦੋ ਮਹੀਨੇ ਲੰਘ ਗਏ। ਇਸ ਦੌਰਾਨ ਪਈ ਬਾਰਸ਼ ਨੇ ਹੋਰ ਨਕਸਾਨ ਕੀਤਾ ਅਤੇ ਬਰਸਾਤੀ ਪਾਣੀ ਵੀ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ। ਇਸ ’ਤੇ ਲੋਕਾਂ ਵਿੱਚ ਰੋਹ ਮੁੜ ਵਧ ਗਿਆ ਅਤੇ ਜਥੇਬੰਦੀ ਨੇ ਵੀ ਸੰਘਰਸ਼ ਦੀ ਤਾੜਨਾ ਦੁਹਰਾਈ। ਹਾਈਵੇਅ ਅਥਾਰਟੀ ਦੇ ਅਧਿਕਾਰੀ ਰਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡੂੰਘੇ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰੰਤੂ ਮੀਂਹ ਪੈਣ ਕਰਕੇ ਕੰਮ ਅੱਧ ਵਿਚਕਾਰ ਰੋਕਣਾ ਪਿਆ ਸੀ। ਹੁਣ ਮੌਸਮ ਸਾਫ਼ ਹੋਣ ਕਰਕੇ ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ’ਤੇ ਲੁੱਕ ਪਾ ਕੇ ਵਧੀਆ ਸੜਕ ਬਣਾ ਕੇ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ, ਜਗਰਾਜ ਸਿੰਘ ਸੇਖੋਂ, ਮੀਤ ਪ੍ਰਧਾਨ ਸਤਨਾਮ ਸਿੰਘ, ਸੈਕਟਰੀ ਸੁਖਦੀਪ ਸਿੰਘ, ਕਰਮਿੰਦਰ ਸਿੰਘ, ਆਲਮ ਗਹੌਰ, ਡਾ. ਹਰਦਿਲ ਸਿੰਘ ਸੇਖੋਂ ਆਦਿ ਹਾਜ਼ਰ ਸਨ।
