ਮਾਤਾ ਗੰਗਾ ਕਾਲਜ ਵਿੱਚ ਧਾਰਮਿਕ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਅਪ੍ਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਲਜ ਮਾਤਾ ਗੰਗਾ ਖ਼ਾਲਸਾ ਕਾਲਜ ਵਿੱਚ ਧਾਰਮਿਕ, ਵਿਗਿਆਨ ਅਤੇ ਗਣਿਤ ਵਿਭਾਗਾਂ ਵੱਲੋਂ ਗੁਰੂ ਹਰਿ ਰਾਏ ਦੇ ਗੁਰਤਾਗੱਦੀ ਦਿਵਸ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੈਕਚਰ, ਕਵਿਤਾ ਉਚਾਰਨ, ਗੁਰਬਾਣੀ ਲਿਖਣ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ।
ਧਾਰਮਿਕ ਲੈਕਚਰਾਰ ਪ੍ਰੋ. ਹਰਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਗੁਰੂ ਹਰਿ ਰਾਏ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜੀਵਨ ਬਾਰੇ ਦੱਸਿਆ। ਪ੍ਰੋਗਰਾਮ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਗੁਰਜੋਤ ਕੌਰ, ਮਹਿਕਪ੍ਰੀਤ ਕੌਰ ਤੇ ਪ੍ਰਭਜੋਤ ਕੌਰ ਨੇ ਕਵਿਤਾ ਉਚਾਰਨ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਬਾਰੇ ਦੱਸਿਆ। ਪ੍ਰਭਜੋਤ ਕੌਰ ਨੇ ਜੈਵਿਕ ਉਤਪਾਦਾਂ ਦੀ ਵਰਤੋਂ ਤੇ ਮਹੱਤਤਾ ਬਾਰੇ ਦੱਸਦੇ ਹੋਏ ਸ਼ੁੱਧ ਅਤੇ ਸਾਫ-ਸੁਥਰਾ ਜੀਵਨ ਜਿਊਣ ਬਾਰੇ ਜਾਣਕਾਰੀ ਦਿੱਤੀ। ਗੁਰਬਾਣੀ ਲਿਖਣ ਮੁਕਾਬਲੇ ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਸਿਮਰਜੀਤ ਕੌਰ ਤੇ ਗੁਰਲੀਨ ਕੌਰ ਨੇ ਦੂਜਾ ਅਤੇ ਪ੍ਰਭਜੋਤ ਕੌਰ ਤੇ ਗੁਰਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਵਾਤਾਵਰਨ ਪ੍ਰਤੀ ਰੁਚੀ ਬਾਰੇ ਦੱਸਦਿਆਂ ਸਿੱਖੀ ਸਿਧਾਂਤਾਂ ਨਾਲ ਜੁੜਨ ਅਤੇ ਵਾਤਾਵਰਨ ਨੂੰ ਸੰਭਾਲਣ ਦੀ ਪ੍ਰੇਰਨਾ ਦਿੱਤੀ। ਡਾ. ਅੰਮ੍ਰਿਤ ਕੌਰ ਬਾਂਸਲ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ। ਪ੍ਰੋ. ਹਰਿੰਦਰ ਕੌਰ ਤੇ ਪਵਨਜੀਤ ਕੌਰ ਵੱਲੋਂ ਪੂਰਨ ਸਹਿਯੋਗ ਨਾਲ ਇਹ ਉਪਰਾਲਾ ਸਫ਼ਲ ਹੋਇਆ। ਇਸ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰਪਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਮਨਜੀਤ ਕੌਰ, ਪ੍ਰੋ. ਬਲਜੀਤ ਕੌਰ, ਡਾ. ਰੂਪਾ ਕੌਰ, ਡਾ. ਮੰਜੂ ਸੱਦੀ, ਲੈਕਚਰਾਰ ਗੁਰਵਿੰਦਰ ਕੌਰ ਨੇ ਹਾਜ਼ਰੀ ਭਰੀ ਤੇ ਵਿਦਿਆਰਥੀਆਂ ਦੀਆਂ ਕਾਰਗੁਜ਼ਾਰੀਆਂ ਦੀ ਜਜਮੈਂਟ ਕੀਤੀ।