ਹੜ੍ਹ ਪੀੜਤਾਂ ਲਈ ਸਹਾਇਤਾ ਸਮੱਗਰੀ ਭੇਜੀ
ਗੁਰਦੁਆਰਾ ਗੁਰੂ ਸਿੰਘ ਸਭਾ, ਪੁਰਾਣੀ ਸਬਜ਼ੀ ਮੰਡੀ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਵੱਡੀ ਰਾਹਤ ਸਮੱਗਰੀ ਭੇਜੀ ਗਈ। ਇਸ ਸਬੰਧੀ ਪ੍ਰਧਾਨ ਅਜੀਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ।
ਉਨ੍ਹਾਂ ਮੌਜੂਦਾ ਸੂਬਾ ਸਰਕਾਰ ਦੀ ਅਣਗਹਿਲੀ ਭਰੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਪ੍ਰਬੰਧ ਕੀਤੇ ਜਾਂਦੇ ਤਾਂ ਅੱਜ ਇਹ ਤਬਾਹੀ ਵਾਲੇ ਹਾਲਾਤ ਨਾ ਬਣਦੇ। ਉਨ੍ਹਾਂ ਕੇਂਦਰ ਸਰਕਾਰ ’ਤੇ ਵੀ ਨਾਰਾਜ਼ਗੀ ਜਤਾਈ ਕਿ ਸਰਹੱਦੀ ਇਲਾਕਾ ਪੰਜਾਬ ਹਮੇਸ਼ਾਂ ਦੇਸ਼ ਲਈ ਕੁਰਬਾਨੀਆਂ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਔਖੀ ਘੜੀ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦੁੱਖ ਦਰਦ ਨੂੰ ਸਮਝਦਿਆਂ ਜਲਦ ਤੋਂ ਜਲਦ ਵੱਡੀ ਸਹਾਇਤਾ ਰਾਸ਼ੀ ਦਾ ਐਲਾਨ ਕਰਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਬਾਬਾ ਅਜੀਤ ਸਿੰਘ, ਸਵਰਨ ਸਿੰਘ, ਜਗਜੀਤ ਸਿੰਘ ਜੱਗਾ, ਮਨੀ ਖਾਲਸਾ, ਧਰਮ ਸਿੰਘ ਬਾਜਵਾ, ਮਨਿੰਦਰ ਸਿੰਘ ਅਹੂਜਾ, ਹਰਮੋਹਨ ਸਿੰਘ ਸਰਹੱਦੀ, ਸਰਵਣ ਸਿੰਘ ਮੈਨੇਜਰ, ਪ੍ਰਿੰਸੀਪਲ ਡਾ.ਕਿਰਨਦੀਪ ਕੌਰ, ਡਾ.ਮੋਨਿਕਾ ਸ਼ਾਰਧਾ ਵੀ ਹਾਜ਼ਰ ਸਨ।