ਰਵਨੀਤ ਬਿੱਟੂ ਵੱਲੋਂ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ
ਲੁਧਿਆਣਾ ਵਿੱਚ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਲੁਧਿਆਣਾ ਵਿੱਚ ਨਵ-ਨਿਰਮਿਤ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਕਰੀਬ ਸਾਢੇ 7 ਕਰੋੜ ਦੀ ਲਾਗਤ ਨਾਲ ਬਣੇ ਇਸ ਅਤਿ-ਆਧੁਨਿਕ ਕੇਂਦਰ ਦਾ ਨਿਰਮਾਣ 1800 ਵਰਗ ਮੀਟਰ ਖੇਤਰਫਲ ਵਿੱਚ ਕੀਤਾ ਗਿਆ ਹੈ। ਇਹ ਕੇਂਦਰ ਰੇਲਵੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਿਕਿਤਸਾ ਸੇਵਾਵਾਂ ਮੁਹੱਈਆ ਕਰੇਗਾ। ਇਸ ਬਿਲਡਿੰਗ ਵਿੱਚ 6 ਓਪੀਡੀ, 4-ਬੈੱਡ ਵਾਲਾ ਵਾਰਡ, ਐਮਰਜੈਂਸੀ ਸਹੂਲਤਾਂ (ਜਿਸ ਵਿੱਚ ਸਟੀਰਲਾਈਜ਼ੇਸ਼ਨ ਅਤੇ ਡਰੈਸਿੰਗ ਰੂਮ ਸ਼ਾਮਲ ਹਨ), ਫਾਰਮੇਸੀ ਅਤੇ ਲੋਕਲ ਪਰਚੇਜ਼, ਯਾਤਰੀ ਅਤੇ ਸਟਰੈਚਰ ਲਿਫ਼ਟ, 3 ਥਾਵਾਂ ’ਤੇ ਪ੍ਰਤੀਕਸ਼ਾਲਾ ਸਹੂਲਤਾਂ (ਸਟੇਨਲੈੱਸ ਸਟੀਲ ਬੈਂਚਾਂ ਦੇ ਨਾਲ), ਕਾਨਫਰੰਸ ਰੂਮ, ਪੁਰਸ਼, ਮਹਿਲਾ ਅਤੇ ਸਟਾਫ਼ ਲਈ ਵੱਖਰੇ ਟਾਇਲਟ, ਵੀਆਰਵੀ ਏਅਰ ਕੰਡੀਸ਼ਨਿੰਗ ਸਿਸਟਮ, ਸੁਸੱਜਿਤ ਡਬਲ ਹਾਈਟ ਲਾਬੀ, ਦੋ-ਪਹੀਆ, ਚਾਰ-ਪਹੀਆ ਅਤੇ ਐਂਬੂਲੈਂਸ ਪਾਰਕਿੰਗ ਦੀ ਸਹੂਲਤ, ਹਸਪਤਾਲ ਦੇ ਬਾਹਰ ਵਿਕਸਿਤ ਹਰੇ-ਭਰੇ ਖੇਤਰ, ਪੀਐੱ.ਈ ਡਾਰਕ ਰੂਮ ਸਹੂਲਤ, ਐਕਸ-ਰੇ ਕਮਰਾ (ਡਾਰਕ ਰੂਮ ਸਣੇ), ਲੈਬੋਰਟਰੀ ਅਤੇ ਮੈਡੀਕਲ ਰਿਕਾਰਡ ਰੂਮ ਸ਼ਾਮਲ ਹਨ।
ਫਿਰੋਜ਼ਪੁਰ ਮੰਡਲ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਫਿਰੋਜ਼ਪੁਰ ਮੰਡਲ ਵਿੱਚ ਇੱਕ ਡਿਵਿਜ਼ਨਲ ਹਸਪਤਾਲ (ਫਿਰੋਜ਼ਪੁਰ), ਇੱਕ ਉਪ-ਮੰਡਲੀ ਹਸਪਤਾਲ (ਅੰਮ੍ਰਿਤਸਰ) ਅਤੇ 6 ਸਿਹਤ ਯੂਨਿਟਾਂ ਹਨ, ਜਿਨ੍ਹਾਂ ਵਿੱਚ ਕੁੱਲ 34 ਡਾਕਟਰ ਤੈਨਾਤ ਹਨ। ਫਿਰੋਜ਼ਪੁਰ ਡਿਵਿਜ਼ਨਲ ਹਸਪਤਾਲ ਵਿੱਚ ਕੁੱਲ 69 ਬੈੱਡ ਹਨ, ਜਿੱਥੇ ਮੈਡਿਸਨ, ਜਨਰਲ ਸਰਜਰੀ, ਗਾਇਨੇਕੋਲੋਜੀ, ਆਰਥੋਪੀਡਿਕ, ਪੈਥੋਲੋਜੀ, ਐਨੇਸਥੀਸ਼ੀਆ ਅਤੇ ਡੈਂਟਲ ਵਰਗੀਆਂ ਵਿਸ਼ੇਸ਼ਤਾਵਾਂ ਵਿੱਚ ਸੇਵਾਵਾਂ ਉਪਲਬਧ ਹਨ। ਹਸਪਤਾਲ ਵਿੱਚ ਅਤਿ-ਆਧੁਨਿਕ ਲੈਬੋਰਟਰੀ, ਫਿਜ਼ਿਓਥੈਰਪੀ ਯੂਨਿਟ, ਕੰਪਿਊਟਰਾਈਜ਼ਡ ਰੇਡੀਓਗ੍ਰਾਫਿਕ ਸਿਸਟਮ ਅਤੇ ਮੋਡੀਊਲਰ ਓਪਰੇਸ਼ਨ ਥੀਏਟਰ ਦੀਆਂ ਸਹੂਲਤਾਂ ਮੌਜੂਦ ਹਨ।
ਅੰਮ੍ਰਿਤਸਰ ਵਿੱਚ 50-ਬੈੱਡ ਦਾ ਹਸਪਤਾਲ ਚੱਲ ਰਿਹਾ ਹੈ, ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਛਾਵਣੀ ਅਤੇ ਕਪੂਰਥਲਾ ਵਿੱਚ ਸਿਹਤ ਯੂਨਿਟਾਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਰੇਲਵੇ ਲਾਭਪਾਤਰੀਆਂ ਨੂੰ ਐਮਰਜੈਂਸੀ ਦੇਖਭਾਲ ਦੇਣ ਲਈ 51 ਪ੍ਰਾਈਵੇਟ ਹਸਪਤਾਲਾਂ ਅਤੇ 16 ਡਾਇਗਨੋਸਟਿਕ ਸੈਂਟਰਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਮੌਕੇ ’ਤੇ ਸੰਜੀਵ ਕੁਮਾਰ (ਡੀ.ਆਰ.ਐਮ. ਫਿਰੋਜ਼ਪੁਰ), ਅਜੈ ਵਰਸ਼ਨੇ (ਸੀ.ਪੀ.ਐਮ. ਕਨਸਟਰਕਸ਼ਨ), ਡਾ. ਚੇਤਨਾ ਕਪੂਰ (ਏ.ਸੀ.ਐਮ.ਐਸ. ਲੁਧਿਆਣਾ), ਰਿਸ਼ੀ ਪਾਂਡੇ (ਸੀਨੀਅਰ ਡੀ.ਐਸ.ਸੀ. ਆਰ.ਪੀ.ਐਫ. ਫਿਰੋਜ਼ਪੁਰ), ਪਰਮਦੀਪ ਸੈਣੀ (ਸੀਨੀਅਰ ਡੀ.ਸੀ.ਐਮ. ਫਿਰੋਜ਼ਪੁਰ), ਸੁਮਿਤ ਖੁਰਾਨਾ (ਸੀਨੀਅਰ ਡੀ.ਈ.ਐਨ. ਕੋਆਰਡੀਨੇਸ਼ਨ ਫਿਰੋਜ਼ਪੁਰ), ਸ਼ੁਭਮ ਖੁਰਾਨਾ (ਡਿਪਟੀ ਚੀਫ਼ ਇੰਜੀਨੀਅਰ ਕਨਸਟਰਕਸ਼ਨ), ਅਜਯਪਾਲ (ਸੀਨੀਅਰ ਡੀ.ਈ.ਐਨ.) ਅਤੇ ਆਦਿਤਿਆ ਮਹਰਾ (ਸਟੇਸ਼ਨ ਡਾਇਰੈਕਟਰ ਲੁਧਿਆਣਾ) ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।