ਰਾੜਾ ਸਹਿਬ ਵੱਲੋਂ ਸਰਹੱਦੀ ਖੇਤਰ ਲਈ ਬੀਜ ਤੇ ਵਿੱਤੀ ਮਦਦ
ਰਾੜਾ ਸਾਹਿਬ ਦੇ ਮੁਖੀ ਸੰਤ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੇ ਅੱਜ ਡਾ. ਸ਼ਿਵ ਸਿੰਘ, ਨਿਸ਼ਕਾਮ ਕੀਰਤਨ ਜਥਾ ਗੁਰਦਾਸਪੁਰ ਰਾਹੀਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਕਣਕ ਦਾ ਬੀਜ, ਡੀਜ਼ਲ, ਡੀ.ਏ.ਪੀ. ਤੇ ਹੋਰ ਲੋੜੀਂਦੀਆਂ ਵਸਤਾਂ ਲਈ ਮਾਲੀ ਮਦਦ ਭੇਜੀ ਹੈ। ਬਾਬਾ ਅਮਰ ਸਿੰਘ ਵੱਲੋਂ ਭੇਜੇ ਸੇਵਾਦਾਰਾਂ ਵਿੱਚੋਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਟਰੱਸਟੀ ਭਾਈ ਗੁਰਨਾਮ ਸਿੰਘ ਅੜੈਚਾਂ, ਜਥੇਦਾਰ ਭਾਈ ਬਾਵਾ ਸਿੰਘ ਅਤੇ ਭਾਈ ਪਰਮਜੀਤ ਸਿੰਘ ਨੇ ਮੌਕੇ ਦੇ ਹਲਾਤਾਂ ਨੂੰ ਹਰ ਪੱਖੋਂ ਵੇਖਦਿਆਂ ਦੱਸਿਆ ਕਿ ਧੁੱਸੀ ਬੰਨ੍ਹ ਲਾਗੇ ਪਿੰਡ ਧਰਮ ਕੋਟ ਪੱਤਣ ਦੀ ਉਪਜਾਊ ਭੂਮੀ ਤੇ ਅੱਠ ਫੁੱਟ ਤੱਕ ਰੇਤ-ਭੱਸੀ ਨੂੰ ਹਟਾਉਣ ਲਈ ਇਕ ਪਾਸੇ ਹੀ 45 ਦੇ ਕਰੀਬ ਟਰੈਕਟਰਾਂ ਨਾਲ ਦਿਨ ਰਾਤ ਕਰਾਹ ਲਾਇਆ ਜਾ ਰਿਹਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ’ਚ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਹੋ ਸਕੇ।
ਉਨ੍ਹਾਂ ਦੱਸਿਆ ਕਿ ਹੋਰ ਪਾਸਿਆਂ ਤੋਂ ਵੀ ਯੋਜਨਾਬੰਦੀ ਅਨੁਸਾਰ ਟਰੈਕਟਰਾਂ ਰਾਹੀਂ ਕਰਾਹਾਂ ਨਾਲ ਜੋਰਦਾਰ ਸੇਵਾ ਦਾ ਹੱਲਾ ਬੋਲਿਆਂ ਹੋਇਆ ਹੈ। ਸਰਪੰਚ ਅੜੈਚਾਂ ਨੇ ਦੱਸਿਆ ਕਿ ਸੰਤ ਬਾਬਾ ਅਮਰ ਸਿੰਘ ਜੀ ਵੀ ਆਪਣੇ ਵੱਡੇ ਮਹਾਂਪੁਰਸ਼ਾਂ ਵਾਂਗ ਆਪਣੀ ਕੌਮ ਆਪਣੇ ਸੂਬੇ ਦੇ ਪੀੜਤਾਂ ਦੀ ਮਦਦ ਕਰਦੇ ਆ ਰਹੇ ਹਨ, ਇਸ ਤੋਂ ਪਹਿਲਾਂ ਵੀ ਰਸਦ ਅਤੇ ਸਹਾਇਤਾ ਰਾਸ਼ੀ ਨਾਲ ਮੱਦਦ ਕੀਤੀ ਗਈ ਹੈ। ਇਸ ਮੌਕੇ ਜਥੇਦਾਰ ਬਾਵਾ ਸਿੰਘ, ਸੁਖਵਿੰਦਰ ਸਿੰਘ, ਕਾਟੀ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਅੜੈਚਾਂ, ਭਾਈ ਰਾਮ ਸਿੰਘ ਬੱਬੇਹਾਲੀ, ਨਿਸ਼ਾਨ ਸਿੰਘ ਬੱਬੇਹਾਲੀ, ਰਵਿੰਦਰ ਸਿੰਘ ਬੱਬੇਹਾਲੀ, ਗੁਰਾ ਸਿੰਘ, ਕਵਲਜੀਤ ਸਿੰਘ ਨੀਟਾ, ਮਨਦੀਪ ਸਿੰਘ ਆਦਿ ਬੱਬੇਹਾਲੀ ਦੇ ਸੇਵਾਦਾਰ, ਗੁਰਪਿੰਦਰ ਸਿੰਘ ਨਿੱਕੇ ਘੁੰਮਣ, ਮਹਿਕਦੀਪ ਸਿੰਘ, ਰਣਜੋਧ ਸਿੰਘ, ਦਵਿੰਦਰ ਸਿੰਘ ਤਰਨਪ੍ਰੀਤ ਸਿੰਘ, ਜੋਤੀ ਆਦਿ ਨਿੱਕੇ ਘੁੰਮਣ ਤੋਂ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ।