ਰਾਜੇਵਾਲ ਯੂਨੀਅਨ ਨੇ ਹੜ੍ਹ ਪੀੜਤਾਂ ਲਈ 40 ਲੱਖ ਦੀ ਮਦਦ ਭੇਜੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿੱਚ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ 40 ਲੱਖ ਰੁਪਏ ਦੀ ਰਕਮ ਵੰਡਣ ਲਈ ਟੀਮਾਂ ਬਣਾਈਆਂ ਗਈਆਂ। ਇਸੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਲਈ ਜ਼ਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਮਠੋਲਾ ਰਾਹੀਂ ਕਸ਼ਮੀਰ ਸਿੰਘ ਜਟਾਣਾ ਡੇਢ ਲੱਖ, ਜ਼ਿਲ੍ਹਾ ਮੁਹਾਲੀ ਤਿੰਨ ਲੱਖ, ਜ਼ਿਲ੍ਹਾ ਰੋਪੜ ਛੇ ਲੱਖ ਵੀਹ ਹਜ਼ਾਰ ਰੁਪਏ ਦੀ ਯੂਰੀਆ ਖਾਦ ਭੇਜੇਗਾ। ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਰਾਹੀਂ ਘਰਾਚੋਂ ਪਿੰਡ 1250 ਥੈਲੇ ਯੂਰੀਆ ਤੇ ਡੇਢ ਲੱਖ ਰੁਪਏ, ਸੰਗਰੂਰ ਜ਼ਿਲ੍ਹੇ ਵੱਲੋਂ ਯੂਰੀਆ ਲਈ ਦੋ ਲੱਖ ਰੁਪਏ ਦਿੱਤੇ ਗਏ। ਹੁਸ਼ਿਆਰਪੁਰ ਜ਼ਿਲ੍ਹੇ ਲਈ ਮੁਕਤਸਰ ਜ਼ਿਲ੍ਹੇ ਵੱਲੋਂ ਮੁਕੇਸ਼ ਚੰਦਰ ਯੂਰੀਏ ਦੇ 500 ਥੈਲੇ ਵੰਡਣਗੇ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪ੍ਰਗਟ ਸਿੰਘ ਮੱਖੂ ਰਾਹੀਂ ਲੁਧਿਆਣਾ ਤੋਂ ਪੰਜ ਲੱਖ ਰੁਪਏ, ਅੰਮ੍ਰਿਤਸਰ ਤੋਂ ਇੱਕ ਲੱਖ ਰੁਪਏ, ਫ਼ਿਰੋਜ਼ਪੁਰ ਤੋਂ ਇੱਕ ਲੱਖ ਰੁਪਏ ਤੇ ਜ਼ਿਲ੍ਹਾ ਪਟਿਆਲਾ ਵੱਲੋਂ 14.5 ਲੱਖ ਰੁਪਏ ਦੀ ਯੂਰੀਆ ਖਾਦ ਵੰਡੀ ਜਾਵੇਗੀ। ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਯੂਨੀਅਨ ਵੱਲੋਂ ਰੋਪੜ ਜ਼ਿਲ੍ਹੇ ਨੇ 525 ਥੈਲੇ ਕਣਕ ਦਾ ਬੀਜ, ਫ਼ਤਹਿਗੜ੍ਹ ਸਾਹਿਬ ਤੇ ਹੋਰ ਜ਼ਿਲ੍ਹਿਆਂ ਵੱਲੋਂ ਵੀ 450 ਥੈਲੇ ਕਣਕ ਦਾ ਬੀਜ ਦਾ ਵੰਡਿਆ ਗਿਆ ਹੈ। ਜਥੇਬੰਦੀ ਵੱਲੋਂ 75 ਲੱਖ ਰੁਪਏ ਦੀ ਆਰਥਿਕ ਮਦਦ ਭੇਜੀ ਜਾ ਚੁੱਕੀ ਹੈ।
ਸ੍ਰੀ ਰਾਜੇਵਾਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ 26 ਨਵੰਬਰ ਦੀ ਚੰਡੀਗੜ੍ਹ ਰੈਲੀ ਲਈ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। 26 ਨੂੰ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਵਜੋਂ ਹਰ ਸੂਬੇ ਦੀ ਰਾਜਧਾਨੀ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਮੀਟਿੰਗ ’ਚ ਭਾਰਤ ਸਰਕਾਰ ਵੱਲੋਂ ਐੱਸ ਕੇ ਐੱਮ ਨਾਲ਼ ਹੋਏ ਸਮਝੌਤੇ ਦੀ ਉਲੰਘਣਾ ਕਰ ਕੇ ਬਿਜਲੀ ਸੋਧ ਬਿੱਲ 2025 ਸੰਸਦ ਵਿੱਚ ਪਾਸ ਕਰਵਾਉਣ ਦਾ ਵਿਰੋਧ ਕੀਤਾ। ਜਥੇਬੰਦੀ ਨੇ ਐੱਸ ਕੇ ਐੱਮ ਨੂੰ ਬੇਨਤੀ ਕੀਤੀ ਕਿ ਸੰਸਦ ਸੈਸ਼ਨ ਦੇ ਪਹਿਲੇ ਦਿਨਾਂ ਵਿੱਚ ਹੀ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਕਿਸਾਨਾਂ ਨੂੰ ਸ਼ਾਮਲ ਕਰ ਕੇ ਜੰਤਰ ਮੰਤਰ ਦਿੱਲੀ ਵਿੱਚ ਧਰਨਾ ਦਿੱਤਾ ਜਾਵੇ। ਮੀਟਿੰਗ ਵਿੱਚ ਖ਼ਜ਼ਾਨਚੀ ਗੁਲਜ਼ਾਰ ਸਿੰਘ, ਹਰਦੀਪ ਸਿੰਘ ਅਤੇ ਰਜਿੰਦਰ ਸਿੰਘ ਦੋਵੇਂ ਜਨਰਲ ਸਕੱਤਰ, ਘੁੰਮਣ ਸਿੰਘ ਰਾਜਗੜ੍ਹ, ਸੁਖਵਿੰਦਰ ਸਿੰਘ ਭੱਟੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਆਦਿ ਹਾਜ਼ਰ ਸਨ।
