ਆਸ਼ੂ ਨੂੰ ਘਰ ਮਿਲਣ ਗਏ ਰਾਜਾ ਵੜਿੰਗ ਇੰਤਜ਼ਾਰ ਕਰਕੇ ਪਰਤੇ
ਗਗਨਦੀਪ ਅਰੋੜਾ
ਲੁਧਿਆਣਾ, 5 ਅਪਰੈਲ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਆਪਸੀ ਕਲੇਸ਼ ਕਾਂਗਰਸ ’ਤੇ ਭਾਰੂ ਪੈ ਸਕਦਾ ਹੈ। ਸ਼ਨਿੱਚਰਵਾਰ ਸਵੇਰੇ ਨੂੰ ਆਸ਼ੂ ਦੇ ਹੱਕ ਵਿੱਚ ਰੱਖੀ ਪੱਤਰਕਾਰ ਮਿਲਣੀ ਵਿੱਚ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਗੈਰਹਾਜ਼ਰ ਰਹੇ। ਇਸ ਮੌਕੇ ਗੁੱਟਬਾਜ਼ੀ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਰਾਜਾ ਵੜਿੰਗ ਦੇਰ ਸ਼ਾਮ ਟੀਮ ਸਮੇਤ ਆਸ਼ੂ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ ਪਰ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਹੀ ਆਸ਼ੂ ਤੇ ਉਨ੍ਹਾਂ ਦੀ ਪਤਨੀ ਘਰੋਂ ਕਿਤੇ ਚਲੇ ਗਏ ਸਨ। ਵੜਿੰਗ ਨੇ ਲਗਪਗ 20 ਮਿੰਟ ਆਸ਼ੂ ਦਾ ਇੰਤਜ਼ਾਰ ਕੀਤਾ ਤੇ ਬਿਨਾ ਮਿਲੇ ਹੀ ਅਖੀਰ ਉਹ ਪਰਤ ਗਏ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਸ਼ੂ ਨੂੰ ਸੀਨੀਅਰ ਆਗੂ ਰਵਿੰਦਰ ਡਾਲਵੀ ਨੇ ਸੁਨੇਹਾ ਵੀ ਲਾਇਆ ਸੀ, ਪਰ ਪਤਾ ਨਹੀਂ ਕਿਉਂ ਉਹ ਘਰ ਨਹੀਂ ਮਿਲੇ।
ਜ਼ਿਕਰਯੋਗ ਹੈ ਕਿ ਸਵੇਰੇ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਸੀਨੀਅਰ ਆਗੂ ਤੇ ਪੰਜਾਬ ਦੇ ਇੰਚਾਰਜ ਆਲੋਕ ਸ਼ਰਮਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਸੀਨੀਅਰ ਆਗੂਆਂ ਨੇ ਪੱਤਰਕਾਰ ਮਿਲਣੀ ਕੀਤੀ ਸੀ ਤੇ ਆਸ਼ੂ ਨੂੰ ਵਧਾਈਆਂ ਦਿੱਤੀਆਂ ਸਨ ਜਦਕਿ ਰਾਜਾ ਵੜਿੰਗ ਇਸ ਮੌਕੇ ਗ਼ੈਰਹਾਜ਼ਰ ਰਹੇ ਸਨ। ਦੇਰ ਸ਼ਾਮ ਰਾਜਾ ਵੜਿੰਗ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਜੱਸੀ ਖੁਗੰੜਾ, ਕੈਪਟਨ ਸੰਦੀਪ ਸੰਧੂ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਸ਼ੂ ਦੇ ਘਰ ਪੁੱਜੇ ਸਨ।
ਇਹ ਵੀ ਗ਼ੌਰਤਲਬ ਹੈ ਕਿ ਵੜਿੰਗ ਦੇ ਵਾਪਸ ਜਾਣ ਤੋਂ ਲਗਪਗ 10 ਮਿੰਟਾਂ ਬਾਅਦ ਹੀ ਆਸ਼ੂ ਘਰ ਪਰਤ ਆਏ ਸਨ ਤੇ ਬਿਨਾ ਕੋਈ ਬਿਆਨ ਦਿੱਤਿਆਂ ਅੰਦਰ ਚਲੇ ਗਏ।