ਸਾਈਬਰ ਅਪਰਾਧ ਬਾਰੇ ਜਾਗਰੂਕ ਕੀਤਾ
ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿੱਚ ਸਾਈਬਰ ਅਪਰਾਧ, ਚੰਗੇ ਅਤੇ ਬੁਰੇ ਛੋਹਣ (ਗੁੱਡ ਅਤੇ ਬੈਡ ਟੱਚ) ਅਤੇ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸਬ-ਇੰਸਪੈਕਟਰ ਰਾਜਵੰਤ ਕੌਰ, ਸੀਨੀਅਰ ਕਾਂਸਟੇਬਲ ਪੂਜਾ, ਸੀਨੀਅਰ ਕਾਂਸਟੇਬਲ ਪੰਕਜ ਅਤੇ ਸੀਨੀਅਰ ਕਾਂਸਟੇਬਲ ਪ੍ਰਿਯੰਕਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸੈਮੀਨਾਰ ਦੀ ਸ਼ੁਰੂਆਤ ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿਣ ਦੀ ਮਹੱਤਤਾ ਸਮਝਾ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱੱਗ ਵਿੱਚ ਸਾਈਬਰ ਅਪਰਾਧ ਅਤੇ ਸਰੀਰਕ ਸੁਰੱਖਿਆ ਦੋਂਵੇਂ ਅਹਿਮ ਮੁੱਦੇ ਹਨ। ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਚੰਗੇ ਅਤੇ ਬੁਰੇ ਛੂਹਣ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਚੰਗੀ ਛੋਹ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਦਿੰਦੀ ਹੈ, ਜਦੋਂਕਿ ਬੁਰੀ ਛੋਹ ਬੇਚੈਨੀ ਪੈਦਾ ਕਰਦੀ ਹੈ। ਵਿਦਿਆਰਥੀਆਂ ਨੂੰ ਸਿਖਾਇਆ ਗਿਆ ਕਿ ਅਜਿਹੀ ਸਥਿਤੀ ਵਿੱਚ ਤੁਰੰਤ ਮਾਪਿਆਂ ਜਾਂ ਪੁਲੀਸ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਸੀਨੀਅਰ ਕਾਂਸਟੇਬਲ ਪੂਜਾ ਨੇ ਸਾਈਬਰ ਅਪਰਾਧ ਦੇ ਖ਼ਤਰਿਆ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ 112 ਜਨਰਲ ਐਮਰਜੈਂਸੀ ਲਈ, 1098 ਬਾਲ ਸੁਰੱਖਿਆ ਲਈ ਅਤੇ 1930 ਸਾਈਬਰ ਅਪਰਾਧ ਸਬੰਧੀ ਸ਼ਿਕਾਇਤ ਲਈ ਵਰਤਿਆ ਜਾ ਸਕਦਾ ਹੈ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਪੁਲੀਸ ਅਧਿਕਾਰੀਆਂ ਦਾ ਧੰਨਵਾਦ ਕੀਤਾ।