ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ ’ਚ ਪਾਇਆ
ਲਗਾਤਾਰ ਦੋ ਦਿਨ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ ਦੂਜੇ ਪਾਸੇ ਇਸ ਵਾਰ ਕੁਦਰਤ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਬਾਰਿਸ਼ ਨਾਲ ਜਿੱਥੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਕਿਸਾਨਾਂ ਦੀ ਫ਼ਸਲ ਖਰਾਬ ਹੋਈ ਉੱਥੇ ਹੀ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ ਹੈ। ਭਾਰੀ ਮੀਂਹ ਕਾਰਨ ਪਹਿਲਾਂ ਹੀ ਝੋਨੇ ਦੀ ਫ਼ਸਲ ਨੂੰ ਤੇਲਾ ਪਿਆ ਹੋਇਆ ਹੈ ਜਿਸ ਕਾਰਨ ਝੋਨੇ ਦਾ ਦਾਣਾ ਕਾਲਾ ਪੈ ਗਿਆ ਅਤੇ ਝਾੜ ਵੀ ਘੱਟ ਨਿਕਲ ਰਿਹਾ ਹੈ। ਅੱਜ ਮੀਂਹ ਨਾਲ ਆਈ ਤੇਜ਼ ਹਨੇਰੀ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਧਰਤੀ ’ਤੇ ਵਿਛਾ ਕੇ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਇਸ ਦੇ ਨਾਲ ਹੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਆਈ ਝੋਨੇ ਦੀ ਫ਼ਸਲ ਵੀ ਤਰਪਾਲਾਂ ਦੇ ਸਹਾਰੇ ਹੈ ਜਿਸ ਨੂੰ ਕਿਸਾਨਾਂ ਨੇ ਉੱਪਰੋਂ ਤਾਂ ਢੱਕ ਦਿੱਤਾ ਹੈ ਪਰ ਥੱਲ੍ਹੇ ਪਾਣੀ ਵੜ ਜਾਣ ਕਾਰਨ ਫਸਲ ਬੁਰੀ ਤਰ੍ਹਾਂ ਭਿੱਜ ਗਈ।
ਪਿੰਡ ਪੰਜਰੁੱਖਾਂ ਦੇ ਕਿਸਾਨ ਬਲਵਿੰਦਰ ਸਿੰਘ, ਬੀਜਾ ਦੇ ਅਵਤਾਰ ਸਿੰਘ, ਮਾਜਰਾ ਦੇ ਬਿੰਦਰ ਸਿੰਘ, ਰਸੂਲੜਾ ਦੇ ਗੁਰਦੀਪ ਸਿੰਘ ਅਤੇ ਰੋਹਣੋਂ ਖੁਰਦ ਦੇ ਗੁਰਜੋਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪੈਰ ਪੈਰ ’ਤੇ ਕੁਦਰਤ ਦੀ ਮਾਰ ਪੈ ਰਹੀ ਹੈ। ਪਹਿਲਾ ਕਿਸਾਨ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨ੍ਹਾਂ ਰਾਤਾਂ ਜਾਗ ਕੇ ਆਪਣੀ ਫ਼ਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ ਪਰ ਉਸ ਨੂੰ ਕਦੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਦੇ ਆਪਣੀ ਫਸਲ ਨੂੰ ਮੰਡੀਆਂ ਵਿਚ ਵੇਚਣ ਲਈ ਰੁਲਣਾ ਪੈਂਦਾ। ਇਸ ਵਾਰ ਬਾਰਿਸ਼ ਕਾਰਨ ਪਹਿਲਾਂ ਹੀ ਝੋਨੇ ਦੀ ਫਸਲ ਨੂੰ ਬਿਮਾਰੀ ਲੱਗ ਗਈ ਜਿਸ ਕਾਰਨ ਝਾੜ ਘੱਟ ਨਿਕਲਿਆ ਜੇਕਰ ਹਣ ਮੌਸਮ ਸਾਫ਼ ਨਾ ਹੋਇਆ ਤਾਂ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਈ ਦਿਨਾਂ ਤੋਂ ਮੰਡੀ ਵਿਚ ਫਸਲ ਲੈ ਕੇ ਬੈਠੇ ਹਾਂ ਪਰ ਝੋਨੇ ਦੀ ਖਰੀਦ ਨਹੀਂ ਹੋ ਰਹੀ ਕਿਉਂਕਿ ਮਸ਼ੀਨਾਂ ਫਸਲ ਵਿਚ ਨਮੀ ਦੀ ਵੱਧ ਮਾਤਰਾ ਦੱਸ ਰਹੀਆਂ ਹਨ, ਹੁਣ ਬਾਰਿਸ਼ ਨੇ ਫਸਲ ਨੂੰ ਹੋਰ ਗਿੱਲਾ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਸਲ ਦਾ ਵਾਰ ਵਾਰ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੇ ਪੱਲ੍ਹੇ ਮਿਹਨਤ ਦਾ ਮੁੱਲ ਨਹੀਂ ਪੈਣਾ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।