ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ’ਚ ਦੂਜੇ ਦਿਨ ਵੀ ਮੀਂਹ ਨੇ ਲਾਈ ਛਹਿਬਰ

ਕਿਤੇ ਕਿਤੇ ਕਿਣ-ਮਿਣ ਤੇ ਕਿਤੇ ਪਿਆ ਭਾਰਾ ਮੀਂਹ
Advertisement

ਸਤਵਿੰਦਰ ਬਸਰਾ

ਲੁਧਿਆਣਾ, 6 ਜੁਲਾਈ

Advertisement

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਲਗਾਤਾਰ ਦੂਜੇ ਦਿਨ ਸਵੇਰੇ ਵੀ ਮੀਂਹ ਨੇ ਦਸਤਕ ਦਿੱਤੀ। ਦੁਪਹਿਰ ਤੱਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੇ ਤੋਂ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਮਾਹਿਰਾਂ ਵੱਲੋਂ ਆਉਂਦੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਸ਼ਨਿੱਚਰਵਾਰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਪਏ ਮੀਂਹ ਤੋਂ ਬਾਅਦ ਅੱਜ ਐਤਵਾਰ ਵੀ ਸਵੇਰ ਸਮੇਂ ਸੰਘਣੀ ਬੱਦਲਵਾਈ ਤੋਂ ਬਾਅਦ ਦੁਪਹਿਰ ਤੱਕ ਹਲਕੇ ਤੋਂ ਭਾਰਾ ਮੀਂਹ ਪੈਂਦਾ ਰਿਹਾ।

ਇਸ ਮੀਂਹ ਕਾਰਨ ਸ਼ਹਿਰ ਦੀਆਂ ਕਈ ਨਵੀਆਂ ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਦਕਿ ਕੱਚੀਆਂ ਸੜ੍ਹਕਾਂ/ਗਲੀਆਂ ਚਿੱਕੜ ਨਾਲ ਭਰੀਆਂ ਰਹੀਆਂ। ਮੌਸਮ ਮਾਹਿਰਾਂ ਵੱਲੋਂ ਕੀਤੀ ਪੇਸ਼ੀਨਗੋਈ ਅਨੁਸਾਰ ਅੱਜ ਸਵੇਰੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇੱਕ ਸਮੇਂ ਤਾਂ ਸੰਘਣੀ ਬੱਦਲਵਾਈ ਕਰਕੇ ਦਿਨ ਸਮੇਂ ਹੀ ਰਾਤ ਦਾ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਸੀ। ਸੜ੍ਹਕਾਂ ’ਤੇ ਨਾ ਸਿਰਫ ਗੱਡੀਆਂ ਵਾਲਿਆਂ ਨੇ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾਈਆਂ ਹੋਈਆਂ ਸਨ ਸਗੋਂ ਬਾਜ਼ਾਰਾਂ ਅਤੇ ਘਰਾਂ ਵਿੱਚ ਵੀ ਲੋਕ ਬੱਤੀਆਂ ਜਗਾਉਣ ਲਈ ਮਜ਼ਬੂਰ ਹੋ ਗਏ ਸਨ। ਅੱਜ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪਿਆ ਉਨ੍ਹਾਂ ’ਚ ਜਮਾਲਪੁਰ, ਮੁੰਡੀਆਂ ਕਲਾਂ, ਮੁੰਡੀਆਂ ਖੁਰਦ, ਤਾਜਪੁਰ ਰੋਡ, ਸਮਰਾਲਾ ਚੌਂਕ, ਸ਼ਿੰਗਾਰ ਸਿਨੇਮਾ ਰੋਡ, ਟਿੱਬਾ ਰੋਡ, ਢੋਲੇਵਾਲ ਚੌਂਕ, ਫਿਰੋਜ਼ਪੁਰ ਰੋਡ, ਜਲੰਧਰ ਬਾਈਪਾਸ ਆਦਿ ਸ਼ਾਮਿਲ ਸਨ। ਅੱਜ ਦੇ ਇਸ ਮੀਂਹ ਨੇ ਤਾਪਮਾਨ ਵਿੱਚ ਭਾਰੀ ਕਮੀ ਲਿਆ ਦਿੱਤੀ ਹੈ। ਜਿਹੜਾ ਤਾਪਮਾਨ 35-36 ਡਿਗਰੀ ਸੈਲਸੀਅਸ ਤੱਕ ਸੀ ਅੱਜ ਘੱਟ ਕੇ 33-34 ਡਿਗਰੀ ਸੈਲਸੀਅਸ ਤੱਕ ਹੀ ਰਹਿ ਗਿਆ ਸੀ। ਦੁਪਹਿਰ ਤੋਂ ਬਾਅਦ ਭਾਵੇਂ ਹਲਕੀ ਧੁੱਪ ਵੀ ਨਿਕਲੀ ਪਰ ਜ਼ਮੀਨ ਗਿੱਲੀ ਹੋਣ ਅਤੇ ਹਵਾ ਚੱਲਦੀ ਹੋਣ ਕਰਕੇ ਗਰਮੀ ਵੀ ਘੱਟ ਮਹਿਸੂਸ ਹੋ ਰਹੀ ਸੀ। ਐਤਵਾਰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਲੋਕਾਂ ਨੇ ਮੀਂਹ ਕਰਕੇ ਦੁਪਹਿਰ ਤੱਕ ਦਾ ਸਮਾਂ ਆਪੋ ਆਪਣੇ ਘਰਾਂ ਵਿੱਚ ਰਹਿ ਕਿ ਹੀ ਲੰਘਾਇਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਘੰਟਾ ਘਰ, ਚੌੜਾ ਬਾਜ਼ਾਰ, ਘੁਮਾਰ ਮੰਡੀ, ਜਵਾਹਰ ਨਗਰ ਕੈਂਪ, ਫਿਰੋਜ਼ਗਾਂਧੀ ਮਾਰਕੀਟ, ਸਰਾਭਾ ਮਾਰਕੀਟ ਆਦਿ ਥਾਵਾਂ ’ਤੇ ਗਾਹਕਾਂ ਦੀ ਗਿਣਤੀ ਨਾ-ਮਾਤਰ ਹੀ ਸੀ।

Advertisement