ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ ਵਿੱਚ ਮੀਂਹ ਦਾ ਕਹਿਰ, ਸ਼ਹਿਰ ਹੋਇਆ ਪਾਣੀ ਪਾਣੀ

ਘਰਾਂ ਵਿੱਚ ਵੜ੍ਹਿਆ ਪਾਣੀ; ਚਾਰ-ਚਾਰ ਫੁਟ ਪਾਣੀ ਵਿੱਚ ਫੁੱਬੀਆਂ ਸੜਕਾਂ
ਲੁਧਿਆਣਾ ਦੇ ਜਲੰਧਰ ਬਾਈਪਾਸ ਕੋਲ ਟੋਏ ਵਿੱਚ ਫਸੀ ਕਾਰ। -ਫੋਟੋ: ਇੰਦਰਜੀਤ ਵਰਮਾ
Advertisement

ਸਮਾਰਟ ਸਿਟੀ ਪਾਣੀ ਵਿੱਚ ਡੁੱਬੀ

ਇਲਾਕੇ ਵਿੱਚ ਪਾਣੀ ਭਰਨ ਮਗਰੋਂ ਆਵਾਜਾਈ ਬਹਾਲ ਕਰਵਾਉਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਅਸ਼ਵਨੀ ਧੀਮਾਨ

ਸਮਾਰਟ ਸਿਟੀ ਲੁਧਿਆਣਾ ਵਿੱਚ ਸਵੇਰੇ 5 ਵਜੇ ਤੋਂ ਲਗਾਤਾਰ ਪੈ ਰਿਹਾ ਮੀਂਹ ਸ਼ਹਿਰ ਵਾਸੀਆਂ ਲਈ ਆਫਤ ਲੈ ਕੇ ਆਇਆ। ਮੀਂਹ ਕਾਰਨ ਸ਼ਹਿਰ ਜਲ ਥਲ ਹੋ ਗਿਆ। ਕੋਈ ਇਲਾਕਾ ਅਜਿਹਾ ਨਹੀਂ ਸੀ, ਜਿਥੇ ਪਾਣੀ ਨਾ ਖੜ੍ਹਾ ਹੋਇਆ ਹੋਵੇ। ਲੋਕਾਂ ਦੇ ਉੱਠਣ ਤੋਂ ਪਹਿਲਾਂ ਹੀ ਜ਼ਿਆਦਾਤਰ ਇਲਾਕੇ ਪਾਣੀ ਵਿੱਚ ਡੁੱਬਣ ਵਰਗੇ ਹਾਲਾਤ ਵਿੱਚ ਆ ਗਏ। ਲਗਾਤਾਰ ਤੇਜ਼ ਵਰ੍ਹਦਾ ਮੀਂਹ ਅੱਜ ਸ਼ਹਿਰ ਵਾਸੀਆਂ ਲਈ ਮੁਸੀਬਤ ਬਣ ਗਿਆ। ਸ਼ਹਿਰ ਦੇ ਕਾਫ਼ੀ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਘਰਾਂ ਵਿੱਚ ਵੜ੍ਹ ਗਿਆ। ਕਈ ਸੜਕਾਂ ’ਤੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਖੜ੍ਹਾ ਰਿਹਾ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਇਲਾਵਾ ਬੁੱਢਾ ਦਰਿਆ ਦਾ ਕਾਲਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ੍ਹ ਗਿਆ। ਪੁਰਾਣੇ ਸ਼ਹਿਰ ਦੀ ਬਾਗ ਵਾਲੀ ਗਲੀ ਵਿੱਚ ਖੰਡਰ ਬਣੀ ਦੋ ਮੰਜ਼ਿਲਾਂ ਇਮਾਰਤ ਡਿੱਗ ਗਈ, ਰੇਲਵੇ ਦੀਆਂ ਲਾਈਨਾਂ ਨੇੜੇ ਕੰਧ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ। ਰੇਲ ਦੀਆਂ ਪੱਟੜੀਆਂ ’ਤੇ ਪਾਣੀ ਭਰਨ ਕਾਰਨ ਵੀ ਰੇਲਵੇ ਤੇ ਸੜਕੀ ਮਾਰਗਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ।

Advertisement

ਸਨਅਤੀ ਸ਼ਹਿਰ ਵਿੱਚ ਸਵੇਰੇ 5 ਵਜੇ ਤੋਂ ਲਗਾਤਾਰ ਹੋ ਰਹੀ ਮੀਂਹ ਕਾਰਨ ਸਮਾਰਸਿਟੀ ਲੁਧਿਆਣਾ ਪਾਣੀ ਵਿੱਚ ਡੁੱਬ ਗਿਆ। ਸ਼ਹਿਰ ਵਿੱਚ ਪਾਣੀ ਦੇ ਅਜਿਹੇ ਹਾਲਾਤ ਹੋ ਗਏ ਕਿ ਲੋਕ ਸਹਿਮ ਗਏ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਹਾਲਾਤ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਹੜ੍ਹ ਵਰਗੇ ਹਾਲਾਤ ਨਜ਼ਰ ਆਉਣ ਲੱਗੇ। ਤਕਰੀਬਨ 8 ਘੰਟੇ ਤਾਂ ਲੁਧਿਆਣਾ ਵਿੱਚ ਲਗਾਤਾਰ ਹੀ ਮੀਂਹ ਪੈਂਦਾ ਰਿਹਾ। ਸ਼ਹਿਰ ਦੇ ਇਲਾਕੇ ਬਸਤੀ ਜੋਧੇਵਾਲ, ਜਲੰਧਰ ਬਾਈਪਾਸ, ਸਲੇਮ ਟਾਬਰੀ, ਸਮਰਾਲਾ ਚੌਂਕ, ਜਨਕਪੁਰੀ, ਸ਼ਿਵਪੁਰੀ, ਕਾਲਜ ਰੋਡ, ਗਿੱਲ ਰੋਡ, ਸ਼ਿਮਲਾਪੁਰੀ, ਚੰਡੀਗੜ੍ਹ ਰੋਡ, ਰਾਹੋਂ ਰੋਡ, ਕੁੰਦਨਪੁਰੀ, ਹੈਬੋਵਾਲ, ਹੰਬੜਾ ਰੋਡ ਵਰਗੇ ਇਲਾਕਿਆਂ ਵਿੱਚ ਤਾਂ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸੀਬਤ ਝੱਲਣੀ ਪਈ। ਇਸੇ ਤਰ੍ਹਾਂ ਮਾਤਾ ਰਾਣੀ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਪੂਰੀ ਰੋਡ ਜਲ ਮਗਨ ਹੋ ਗਈ। ਇਸ ਥਾਂ ’ਤੇ ਵੀ ਲੋਕਾਂ ਨੂੰ ਲੰਘਣ ਲਈ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਗਿੱਲ ਰੋਡ, ਰਾਹੋਂ ਰੋਡ ਤੇ ਚੰਡੀਗੜ੍ਹ ਰੋਡ ’ਤੇ ਪਾਣੀ ਕਾਰਨ ਗੱਡੀਆਂ ਸਪੀਡ ਹੋਲੀ ਹੋ ਗਈ ਤੇ ਲੋਕਾਂ ਨੂੰ ਟਰੈਫਿਕ ਜਾਮ ਵਿੱਚ ਫੱਸਣਾ ਪਿਆ। ਮੀਂਹ ਕਾਰਨ ਇੰਨਾ ਸੜਕਾਂ ’ਤੇ ਸ਼ਾਮ ਤੱਕ ਪਾਣੀ ਖੜ੍ਹਾ ਰਿਹਾ।

ਬੁੱਢਾ ਦਰਿਆ ਦਾ ਪਾਣੀ ਹੋਇਆ ਓਵਰਫਲੋਅ

ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਬੁੱਢਾ ਦਰਿਆ ਵੀ ਓਵਰਫਲੋਅ ਹੋ ਗਿਆ। ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦੇ ਹੀ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਆਸੀਆਂ ਆਗੂਆਂ ਦੇ ਸਾਹ ਸੁੱਕ ਗਏ ਸਨ। ਬੁੱਢੇ ਦਰਿਆ ਦੇ ਨੇੜੇ ਤੇੜੇ ਲੱਖਾਂ ਲੋਕਾਂ ਦੀ ਆਬਾਦੀ ਰਹਿੰਦੀ ਹੈ। ਸਵੇਰੇ ਸ਼ੁਰੂ ਹੋਏ ਮੀਂਹ ਕਾਰਨ 11 ਵਜੇ ਦੇ ਆਸਪਾਸ ਬੁੱਢਾ ਦਰਿਆ ਵਿੱਚੋਂ ਕਾਲਾ ਪਾਣੀ ਸੜਕਾਂ ’ਤੇ ਆ ਗਿਆ। ਕਈ ਇਲਾਕਿਆਂ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਗਿਆ। ਜਨਕਪੁਰੀ, ਸ਼ਿਵਪੁਰੀ, ਕੁੰਦਨਪੁਰੀ, ਰਾਣੀ ਝਾਂਸੀ ਰੋਡ, ਚੰਦਰ ਨਗਰ, ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ, ਧਰਮਪੁਰਾ, ਰਣਜੀਤ ਸਿੰਘ ਪਾਰਕ, ਕਸ਼ਮੀਰ ਨਗਰ, ਨੂਰਵਾਲਾ ਰੋਡ, ਸੁੰਦਰ ਨਗਰ, ਰਾਹੋ ਰੋਡ, ਬਸਤੀ ਚੌਕ, ਸ਼ਿਵਾਜੀ ਨਗਰ, ਗਊਸ਼ਾਲਾ ਰੋਡ, ਚੌੜਾ ਬਾਜ਼ਾਰ, ਬਾਗ ਵਾਲੀ ਗਲੀ, ਗੁੜ ਮੰਡੀ, ਰੇਲਵੇ ਸਟੇਸ਼ਨ ਰੋਡ, ਦਮੋਰੀਆ ਪੁਲ, ਤਾਲਾਬ ਬਾਜ਼ਾਰ, ਰੂਪਾ ਮਿਸਤਰੀ ਗਲੀ, ਲੱਕੜ ਬਾਜ਼ਾਰ, ਸ਼ਿਵਪੁਰੀ ਸ਼ਮਸ਼ਾਨ ਘਾਟ ਰੋਡ, ਗਿੱਲ ਰੋਡ, ਸ਼ਿਮਲਾਪੁਰੀ ਆਦਿ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ੍ਹ ਗਿਆ। ਕੁੰਦਨਪੁਰੀ, ਹੈਬੋਵਾਲ ਤੇ ਨਿਊ ਸ਼ਿਵਾਜੀ ਨਗਰ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਵੜ੍ਹ ਗਿਆ। ਇਸੇ ਤਰ੍ਹਾਂ ਹੀਰੋ ਬੇਕਰੀ ਰੋਡ ਅਤੇ ਲੋਧੀ ਕਲੱਬ ਰੋਡ ’ਤੇ ਬਣੇ ਅੰਡਰਪਾਸ ’ਤੇ ਪਾਣੀ ਨਾਲ ਭਰ ਗਏ। ਸ਼ਿੰਗਾਰ ਸਿਨੇਮਾ ਰੋਡ ’ਤੇ ਸਥਿਤ ਜ਼ੋਨ-ਬੀ ਦਫ਼ਤਰ ਅਤੇ ਪਾਰਕਿੰਗ ਵਿੱਚ ਵੀ ਪਾਣੀ ਭਰਿਆ ਰਿਹਾ। ਇਸ ਦੌਰਾਨ ਮੇਅਰ ਪਿ੍ਰੰਸੀਪਲ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰਕੌਂਸਲਰ ਅਮਨ ਬੱਗਾ, ਕੌਂਸਲਰ ਅਰੁਣ ਕੁਮਾਰ ਸੜਕਾਂ ’ਤੇ ਨਿਕਲੇ ਅਤੇ ਸੜਕਾਂ ਅਤੇ ਗਲੀਆਂ ਵਿੱਚ ਬੁੱਢਾ ਦਰਿਆ ਦੇ ਪਾਣੀ ਨੂੰ ਰੋਕਣ ਲਈ ਮਿੱਟੀ ਅਤੇ ਬੋਰੀਆਂ ਨਾਲ ਬੰਨ੍ਹ ਬਣਾਏ।

ਨਿਊ ਦੀਪ ਨਗਰ ਇਲਾਕੇ ਦੇ ਵਸਨੀਕ ਪ੍ਰਿੰਸ ਨੇ ਕਿਹਾ ਕਿ ਗੰਦਾ ਪਾਣੀ ਸੜਕਾਂ ਅਤੇ ਘਰਾਂ ਵਿੱਚ ਵੜ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਰੱਖੀਆਂ ਚੀਜ਼ਾਂ ਬਿਸਤਰੇ, ਮਸ਼ੀਨਾਂ, ਸੋਫੇ ਆਦਿ ਖਰਾਬ ਹੋ ਗਏ। ਪ੍ਰਸ਼ਾਸਨ ਨੂੰ ਇਸ ਸਬੰਧੀ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ, ਪਰ ਅਜਿਹਾ ਕਰਨ ਦੀ ਬਜਾਏ ਜਦੋਂ ਸਥਿਤੀ ਵਿਗੜਨ ਲੱਗੀ ਤਾਂ ਨਿਗਮ ਦੇ ਸਾਰੇ ਅਧਿਕਾਰੀ ਅਤੇ ਪ੍ਰਸ਼ਾਸਨ ਸੜਕ ’ਤੇ ਆ ਗਏ। ਨਿਊ ਦੀਪ ਨਗਰ ਦੇ ਰਾਜੀਵ ਨੇ ਕਿਹਾ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਘਰ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ। ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਕੇ ਉੱਚੀ ਜਗ੍ਹਾਂ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਪ੍ਰਸ਼ਾਸਨ ਬਚਾਅ ਕਾਰਜ ਕਰ ਰਿਹਾ ਹੈ: ਮੇਅਰ

ਮੇਅਰ ਇੰਦਰਜੀਤ ਕੌਰ ਅਤੇ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਸਟਾਫ਼ ਮੀਂਹ ਵਿੱਚ ਕੰਮ ਕਰ ਰਿਹਾ ਹੈ। ਬੁੱਢਾ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ, ਜਿਸ ਦੇ ਬਚਾਅ ਵਿੱਚ ਸਾਰਾ ਦਿਨ ਨਗਰ ਨਿਗਮ ਦਾ ਸਟਾਫ਼ ਕੰਮ ਕਰ ਰਿਹਾ ਹੈ।

Advertisement
Show comments