ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨਾਲ ਸਨਅਤੀ ਸ਼ਹਿਰ ਦੀਆਂ ਸੜਕਾਂ ਜਲ-ਥਲ

ਪਿਛਲੇ ਦੋ ਦਿਨਾਂ ਵਿੱਚ 50 ਐੱਮਐੱਮ ਤੋਂ ਵੱਧ ਮੀਂਹ ਪਿਆ; ਕਈ ਸੜਕਾਂ ਧਸੀਆਂ; ਵਾਹਨ ਚਾਲਕ ਹੋਏ ਪ੍ਰੇਸ਼ਾਨ
Advertisement

ਸਤਵਿੰਦਰ ਬਸਰਾ

ਲੁਧਿਆਣਾ, 1 ਜੁਲਾਈ

Advertisement

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਮੰਗਲਵਾਰ ਨੂੰ ਪਏ ਤੇਜ਼ ਮੀਂਹ ਨੇ ਸੜਕਾਂ ਜਲ-ਥਲ ਕਰ ਦਿੱਤੀਆਂ। ਸਵੇਰੇ ਤੜਕਸਾਰ ਤੋਂ ਸ਼ੁਰੂ ਹੋਇਆ ਮੀਂਹ ਦੁਪਹਿਰ ਬਾਅਦ ਤਿੰਨ ਵਜੇ ਤੱਕ ਜਾਰੀ ਰਿਹਾ। ਇਸ ਮੀਂਹ ਨੇ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਮੌਸਮ ਮਾਹਿਰਾਂ ਅਨੁਸਾਰ ਪਿਛਲੇ ਦੋ ਦਿਨਾਂ ’ਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 50 ਐੱਮਐੱਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਸ ਵਾਰ ਜੂਨ ਮਹੀਨੇ ਵਿੱਚ ਵੀ ਮੀਂਹ ਨੇ ਪਿਛਲੇ ਸੱਤ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਔਸਤਨ ਜੁਲਾਈ ਮਹੀਨੇ ਦੀ 10 ਕੁ ਤਰੀਕ ਤੱਕ ਪੰਜਾਬ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੁੰਦਾ ਸੀ ਪਰ ਇਸ ਵਾਰ ਇਹ ਸੀਜ਼ਨ ਕਰੀਬ ਦਸ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਜੁਲਾਈ ਮਹੀਨੇ ਦੇ ਪਹਿਲੇ ਦਿਨ ਹੀ ਅੱਜ ਮੀਂਹ ਨੇ ਰਿਕਾਰਡ ਤੋੜ ਦਿੱਤਾ। ਮੰਗਲਵਾਰ ਤੜਕਸਾਰ ਤੋਂ ਸ਼ੁਰੂ ਹੋਇਆ ਮੀਂਹ ਦੁਪਹਿਰ ਬਾਅਦ ਤਿੰਨ ਵਜੇ ਤੱਕ ਜਾਰੀ ਰਿਹਾ। ਕਈ ਵਾਰ ਬੱਦਲਵਾਈ ਇੰਨੀ ਸੰਘਣੀ ਹੋ ਗਈ ਕਿ ਵਾਹਨ ਚਾਲਕਾਂ ਨੂੰ ਬੱਤੀਆਂ ਤੱਕ ਜਗਾਉਣੀਆਂ ਪੈ ਗਈਆਂ। ਇਸ ਮੀਂਹ ਨੇ ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ਜਲ-ਥਲ ਕਰ ਦਿੱਤੀਆਂ। ਫੌਕਲ ਪੁਆਇੰਟ, ਢੋਲੇਵਾਲ ਚੌਕ, ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ ਰੋਡ, ਬਾਬਾ ਥਾਨ ਸਿੰਘ ਚੌਕ, ਟ੍ਰਾਸਪੋਰਟ ਨਗਰ, ਮੋਤੀ ਨਗਰ ਆਦਿ ਸੜਕਾਂ ’ਤੇ ਖੜ੍ਹਾ ਪਾਣੀ ਝੀਲ ਦਾ ਭੁਲੇਖਾ ਪਾ ਰਿਹਾ ਸੀ। ਸੜਕਾਂ ’ਤੇ ਪਾਣੀ ਭਰਨ ਹੋਣ ਨਾਲ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗੱਡੀਆਂ ਕੀੜੀ ਦੀ ਚਾਲ ਚੱਲ ਰਹੀਆਂ ਸਨ। ਕਈ ਥਾਵਾਂ ’ਤੇ ਤਾਂ ਮੀਂਹ ਕਾਰਨ ਸੜਕਾਂ ਵੀ ਅੰਦਰ ਨੂੰ ਧੱਸ ਗਈਆਂ ਜੋ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਸਨ। ਕਈ ਸੜਕਾਂ ’ਤੇ ਜ਼ਿਆਦਾ ਪਾਣੀ ਕਰਕੇ ਖਰਾਬ ਹੋਏ ਦੋ ਪਹੀਆ ਵਾਹਨ ਵੀ ਖੜ੍ਹੇ ਦੇਖੇ ਗਏ। ਸਵੇਰ ਸਮੇਂ ਸਕੂਲੀ ਬੱਚਿਆਂ ਅਤੇ ਹੋਰ ਕੰਮਾਂ ’ਤੇ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਰੇਨ ਕੋਟ ਪਾ ਕੇ ਅਤੇ ਸਿਰਾਂ ’ਤੇ ਛੱਤਰੀਆਂ ਤਾਣ ’ਕੇ ਆਪੋ ਆਪਣੇ ਕੰਮਾਂ ’ਤੇ ਜਾਣ ਲਈ ਮਜਬੂਰ ਹੋ ਗਏ। ਕਈ ਇਲਾਕਿਆਂ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਰਕੇ ਸੜਕਾਂ ’ਤੇ ਵੀ ਗੰਦਾ ਪਾਣੀ ਘੁੰਮ ਰਿਹਾ ਸੀ। ਪੀਏਯੂ ਦੇ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਇਸ ਵਾਰ ਜੂਨ ਮਹੀਨੇ 103 ਐੱਮਐੱਮ ਮੀਂਹ ਪਿਆ ਜਦਕਿ ਇਸ ਮਹੀਨੇ ਦਾ ਔਸਤ ਮੀਂਹ 83 ਐੱਮਐਮ ਦਰਜ ਹੈ। ਇਸ ਤੋਂ ਪਹਿਲਾਂ 2018 ਵਿੱਚ 103 ਐੱਮਐੱਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ’ਚ 50 ਐੱਮਐੱਮ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਹਾਲਾਂ ਇੱਕ ਹਫ਼ਤਾ ਹੋਰ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ ਦਾ ਸੀਜਨ 15 ਸਤੰਬਰ ਤੱਕ ਚੱਲੇਗਾ।

Advertisement