ਮੀਂਹ ਨੇ ਜਲ-ਥਲ ਕੀਤਾ ਸਨਅਤੀ ਸ਼ਹਿਰ
ਬੁੱਧਵਾਰ ਸਵੇਰ ਤੋਂ ਹੀ ਲੁਧਿਆਣਾ ਵਿੱਚ ਮੌਸਮ ਸੁਹਾਵਣਾ ਸੀ, ਦੁਪਹਿਰ ਹੁੰਦੇ-ਹੁੰਦੇ ਕਾਲੇ ਬੱਦਲ ਛਾਉਣ ਲੱਗੇ। ਤਕਰੀਬਨ 12 ਵਜੇ ਦੇ ਆਸਪਾਸ ਮੀਂਹ ਪੈਣਾ ਸ਼ੁਰੂ ਹੋ ਗਿਆ। ਜੋ ਕਈ ਇਲਾਕਿਆਂ ਵਿੱਚ ਡੇਢ ਵਜੇ ਤੱਕ ਪੈਂਦਾ ਰਿਹਾ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਹਰ ਵਾਰ ਦੀ ਤਰ੍ਹਾਂ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਪਹਿਲਾਂ ਹੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਕਾਫ਼ੀ ਬੁਰਾ ਹਾਲ ਹੈ। ਹੁਣ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਦਿੱਕਤ ਹੋ ਰਹੀ ਹੈ। ਕਈ ਲੋਕ ਮੀਂਹ ਦੇ ਪਾਣੀ ਕਾਰਨ ਟੋਇਆਂ ਵਿੱਚ ਡਿੱਗਦੇ ਰਹੇ।
ਸ਼ਹਿਰ ਦੇ ਮਾਤਾ ਰਾਣੀ ਚੌਕ ਤੋਂ ਰੇਲਵੇ ਸਟੇਸ਼ਨ ਤੱਕ ਸੜਕ ਦਾ ਕਾਫ਼ੀ ਬੁਰਾ ਹਾਲ ਹੈ। ਇੱਥੇ ਮੀਂਹ ਕਾਰਨ ਪਹਿਲਾਂ ਹੀ ਸੜਕ ’ਤੇ ਕਾਫ਼ੀ ਥਾਈਂ ਟੋਏ ਪਏ ਹੋਏ ਹਨ। ਹੁਣ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਇੱਥੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਰਾਹੋਂ ਰੋਡ, ਸੁਭਾਸ਼ ਨਗਰ, ਬਸਤੀ ਜੋਧੇਵਾਲ, ਹੈਬੋਵਾਲ, ਗਿੱਲ ਰੋਡ, ਸ਼ਿਮਲਾਪੁਰੀ, ਫਿਰੋਜ਼ਪੁਰ ਰੋਡ ਆਦਿ ਇਲਾਕਿਆਂ ਵਿੱਚ ਕਾਫ਼ੀ ਪਾਣੀ ਖੜ੍ਹਾ ਰਿਹਾ।
ਚੰਡੀਗੜ੍ਹ ਰੋਡ ’ਤੇ ਸੀਵਰੇਜ ਓਵਰਫਲੋਅ
ਚੰਡੀਗੜ੍ਹ ਰੋਡ ’ਤੇ ਮੀਂਹ ਕਾਰਨ ਮੁੱਖ ਸੜਕ ਦੇ ਵਿਚਕਾਰ ਹੀ ਸੀਵਰੇਜ ਓਵਰਫਲੋਅ ਹੋ ਗਿਆ। ਇਸ ਕਾਰਨ ਉੱਥੇ ਸੜਕ ’ਤੇ ਕਾਫ਼ੀ ਪਾਣੀ ਖੜ੍ਹਾ ਹੋ ਗਿਆ। ਜਮਾਲਪੁਰ ਚੌਕ ’ਤੇ ਸੈਕਟਰ-32 ਵਾਲੀਆਂ ਲਾਈਟਾਂ ’ਤੇ ਪਾਣੀ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦੇਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉੱਥੇ ਲੋਕ ਪ੍ਰੇਸ਼ਾਨ ਹੁੰਦੇ ਰਹੇ।