ਲੁਧਿਆਣਾ ’ਚ ਮੀਂਹ ਨੇ ਮੌਸਮ ਠੰਢਾ ਕੀਤਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਸਵੇਰੇ ਅਤੇ ਸੋਮਵਾਰ ਦੁਪਹਿਰ ਤੱਕ ਪਏ ਹਲਕੇ ਮੀਂਹ ਕਰਕੇ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ 2.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ 24 ਘੰਟਿਆਂ ਵਿੱਚ ਹਲਕੇ ਤੋਂ ਭਾਰੇ ਮੀਂਹ ਪੈਣ ਦੀ ਪੇਸ਼ੀਨਗੋਈ ਕਰਕੇ ਸਾਰਸ ਮੇਲੇ ਦਾ ਅੱਜ ਦਾ ਸਟਾਰ ਨਾਈਟ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।
ਇੱਕ ਪਾਸੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਦੋ ਦਿਨਾਂ ਤੋਂ ਪੈ ਰਹੇ ਹਲਕੇ ਮੀਂਹ ਨੇ ਦੁਕਾਨਦਾਰਾਂ ਜਾਨ ਮੁੱਠੀ ਵਿੱਚ ਲਿਆਂਦੀ ਹੋਈ ਹੈ। ਐਤਵਾਰ ਸਵੇਰ ਸਮੇਂ ਆਏ ਮੀਂਹ-ਝੱਖੜ ਨਾਲ ਜਿੱਥੇ ਕਈ ਥਾਵਾਂ ’ਤੇ ਨੁਕਸਾਨ ਹੋਇਆ ਉੱਥੇ ਅੱਜ ਸੋਮਵਾਰ ਨੂੰ ਵੀ ਸਵੇਰੇ 10 ਵਜੇ ਤੋਂ ਕਰੀਬ 1 ਵਜੇ ਤੱਕ ਹਲਕਾ ਮੀਂਹ ਪੈਂਦਾ ਰਿਹਾ। ਇਸ ਮੀਂਹ ਨਾਲ ਕੱਚੀਆਂ ਗਲੀਆਂ ’ਚ ਚਿੱਕੜ ਹੋ ਗਿਆ ਅਤੇ ਨੀਵੀਆਂ ਸੜ੍ਹਕਾਂ ’ਤੇ ਪਾਣੀ ਖੜ੍ਹ ਗਿਆ। ਤਿਊਹਾਰ ਕਰਕੇ ਦੁਕਾਨਾਂ ਦੇ ਬਾਹਰ ਸਜਾ ਕੇ ਰੱਖਿਆ ਸਮਾਨ ਮੀਂਹ ਕਰਕੇ ਦੁਕਾਨਦਾਰਾਂ ਨੂੰ ਅੰਦਰ ਕਰਨਾ ਪਿਆ। ਇਸ ਮੀਂਹ ਨਾਲ ਭਾਵੇਂ ਆਮ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪਰ ਲੱਖਾਂ ਰੁਪਏ ਦਾ ਸਮਾਨ ਦੁਕਾਨਾਂ ਵਿੱਚ ਭਰਨ ਵਾਲੇ ਦੁਕਾਨਦਾਰਾਂ ਦੇ ਰੰਗ ਉਡੇ ਹੋਏ ਹਨ। ਇਨ੍ਹਾਂ ਦਿਨਾਂ ਦੌਰਾਨ ਜਿੱਥੇ ਬਾਜ਼ਾਰਾਂ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਸੀ, ਅੱਜ ਮੀਂਹ ਕਰਕੇ ਦੁਕਾਨਦਾਰ ਗਾਹਕਾਂ ਨੂੰ ਉਡੀਕਦੇ ਨਜ਼ਰ ਆ ਰਹੇ ਸਨ।ਪਿਛਲੇ ਦਿਨਾਂ ਵਿੱਚ ਜਿਹੜਾ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਵੱਧ ਚੱਲ ਰਿਹਾ ਸੀ, ਅੱਜ ਕਈ ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮਾਹਿਰਾਂ ਵੱਲੋਂ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਅਤੇ ਹਲਕੇ ਤੋਂ ਭਾਰੇ ਮੀਂਹ ਪੈਣ ਪੇਸ਼ੀਨਗੋਈ ਕੀਤੀ ਗਈ ਹੈ।
ਮੀਂਹ ਕਾਰਨ ਸਰਸ ਮੇਲੇ ਦੀ ਸਟਾਰ ਨਾਈਟ ਦਾ ਪ੍ਰੋਗਰਾਮ ਰੱਦ
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਪਏ ਮੀਂਹ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ 24 ਘੰਟਿਆਂ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਪੈਣ ਦੀ ਕੀਤੀ ਪੇਸ਼ੀਨਗੋਈ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਸਰਸ ਮੇਲੇ ਦੌਰਾਨ ਅੱਜ ਹੋਣ ਵਾਲਾ ਸਟਾਰ ਨਾਈਟ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।