ਮੀਂਹ ਕਾਰਨ ਸਨਅਤੀ ਸ਼ਹਿਰ ਹੋਇਆ ਜਲ-ਥਲ
ਲੁਧਿਆਣਾ ਵਿੱਚ ਵੀਰਵਾਰ ਨੂੰ ਪਏ ਤੇਜ਼ ਮੀਂਹ ਕਾਰਨ ਸਨਅਤੀ ਸ਼ਹਿਰ ਵਿੱਚ ਜਲ-ਥਲ ਹੋ ਗਿਆ। ਸਵੇਰੇ ਤੜਕੇ ਤੋਂ ਹੀ ਸ਼ਹਿਰ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਰੁਕ-ਰੁਕ ਕੇ ਸਾਰਾ ਦਿਨ ਮੀਂਹ ਪੈਂਦਾ ਰਿਹਾ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਸਵੇਰੇ ਹੀ ਪਾਣੀ ਪਾਣੀ ਹੋ ਗਈਆਂ ਸਨ। ਹਾਲਾਤ ਇਹ ਸਨ ਕਿ ਕਈ ਸੜਕਾਂ ’ਤੇ ਦੋ ਫੁੱਟ ਤੱਕ ਪਾਣੀ ਭਰ ਹੋ ਗਿਆ। ਸ਼ਹਿਰ ਦੀ ਕੋਈ ਸੜਕ ਅਜਿਹੀ ਨਹੀਂ ਸੀ, ਜਿੱਥੇ ਪਾਣੀ ਨਾ ਭਰਿਆ ਹੋਵੇ। ਸੜਕਾਂ ’ਤੇ ਖੜ੍ਹੇ ਪਾਣੀ ਨੂੰ ਦੇਖਦੇ ਹੋਏ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਸਣੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕਾਂ ’ਤੇ ਉਤਰਣਾ ਪਇਆ। ਉਧਰ, ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ 15 ਤੇ 16 ਅਗਸਤ ਨੂੰ ਕਈ ਥਾਵਾਂ ’ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਸਨਅਤੀ ਸ਼ਹਿਰ ਵਿੱਚ ਸਵੇਰੇ ਤੋਂ ਹੀ ਕਾਲੇ ਬਦਲ ਆਉਣ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਸਵੇਰੇ ਸਾਢੇ ਛੇ ਵਜੇ ਦੇ ਆਸ-ਪਾਸ ਤੇਜ਼ ਮੀਂਹ ਦੀ ਸ਼ੁਰੂਆਤ ਹੋਈ। ਜਿਸ ਤੋਂ ਬਾਅਦ ਤਕਰੀਬਨ ਡੇਢ ਘੰਟਾ ਮੀਂਹ ਲਗਾਤਾਰ ਪੈਂਦਾ ਰਿਹਾ। ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਪਾਣੀ ਭਰ ਗਿਆ। ਸ਼ਹਿਰ ਦੇ ਰਾਹੋਂ ਰੋਡ, ਹੈਬੋਵਾਲ, ਜਨਤਾ ਨਗਰ, ਸ਼ਿਮਲਾਪੁਰੀ, ਰਾਣੀ ਝਾਂਸੀ ਰੋਡ, ਸਰਦਾਰ ਨਗਰ ਇਲਾਕੇ ਤਾਂ ਅਜਿਹੇ ਹਨ, ਜਿਥੇ ਕੁਝ ਹੀ ਸਮੇਂ ਬਾਅਦ ਕਾਫ਼ੀ ਪਾਣੀ ਭਰ ਗਿਆ। ਸਵੇਰ ਸਵੇਰੇ ਲੋਕਾਂ ਦੇ ਕੰਮਕਾਜ ’ਤੇ ਜਾਣਾ ਦਾ ਸਮਾਂ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਹਾਲਾਤ ਇਹ ਸਨ ਕਿ ਕੁਝ ਸੜਕਾਂ ਤੋਂ ਤਾਂ ਦੋਪਹੀਆ ਵਾਹਨਾਂ ਦਾ ਲੰਘਣਾ ਕਾਫ਼ੀ ਮੁਸ਼ਕਲ ਹੋ ਗਿਆ ਸੀ, ਰਾਹੋਂ ਰੋਡ ’ਤੇ ਤਕਰੀਬਨ ਦੋ ਫੁੱਟ ਤੱਕ ਪਾਣੀ ਭਰ ਗਿਆ। ਇਸ ਰੋਡ ’ਤੇ ਹਮੇਸ਼ਾ ਹੀ ਮੀਂਹ ਦੌਰਾਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ।
ਉਧਰ, ਪਾਣੀ ਦੇ ਹਾਲਾਤ ਦੇਖਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ ਨੀਵੇਂ ਇਲਾਕਿਆਂ ਵਿੱਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸੜਕਾਂ ’ਤੇ ਉਤਰੇ। ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਫੀਲਡ ਵਿੱਚ ਜਾ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਨਿਰੀਖਣ ਵੀ ਕੀਤਾ। ਇਹ ਨਿਰੀਖਣ ਮੀਂਹ ਦੇ ਪਾਣੀ ਦੀ ਜਲਦੀ ਨਿਕਾਸੀ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ। ਨਗਰ ਨਿਗਮ ਦੇ ਕਮਿਸ਼ਨਰ ਡੇਚਲਵਾਲ ਨੇ ਰਾਣੀ ਝਾਂਸੀ ਰੋਡ, ਵਿਸ਼ਵਕਰਮਾ ਚੌਕ, ਢੋਲੇਵਾਲ ਚੌਕ, ਸ਼ੇਰਪੁਰ ਚੌਕ, ਭਾਈ ਬਾਲਾ ਚੌਕ ਅਤੇ ਹੋਰ ਇਲਾਕਿਆਂ ਦਾ ਨਿਰੀਖਣ ਕੀਤਾ। ਫੀਲਡ ਨਿਰੀਖਣ ਦੌਰਾਨ ਮੁੱਖ ਇੰਜਨੀਅਰ ਰਵਿੰਦਰ ਗਰਗ, ਕਾਰਜਕਾਰੀ ਇੰਜਨੀਅਰ ਪਰਸ਼ੋਤਮ ਸਿੰਘ, ਐੱਸਡੀਓ ਅਰਜੁਨ ਸਿੱਕਾ ਸਣੇ ਹੋਰ ਅਧਿਕਾਰੀ ਵੀ ਮੌਜੂਦ ਸਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੀਲਡ ਸਟਾਫ ਤੋਂ ਇਲਾਵਾ, ਸੀਵਰ ਲਾਈਨਾਂ, ਰੋਡ ਜਾਲੀਆਂ ਨੂੰ ਸਾਫ਼ ਕਰਨ ਲਈ ਸ਼ਹਿਰ ਭਰ ਵਿੱਚ 19 ਜੈਟਿੰਗ-ਕਮ-ਸਕਸ਼ਨ ਮਸ਼ੀਨਾਂ ਅਤੇ ਸਕਸ਼ਨ ਟੈਂਕ ਵੀ ਤਾਇਨਾਤ ਕੀਤੇ ਗਏ ਹਨ।