ਮੀਂਹ ਤੇ ਹਨੇਰੀ ਨੇ ਸਰਸ ਮੇਲਾ ਗਰਾਊਂਡ ਦੀ ਹਾਲਤ ਵਿਗਾੜੀ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੀਤੇ ਦਿਨ ਪੀਏਯੂ ਦੇ ਮੈਦਾਨ ਵਿੱਚ ਸ਼ੁਰੂ ਹੋਏ ਸਰਸ ਮੇਲੇ ਦੇ ਪਹਿਲੇ ਦਿਨ ਦੀ ਦੇਰ ਸ਼ਾਮ ਜਿੱਥੇ ਉੱਘੇ ਪੰਜਾਬੀ ਗਾਇਕ ਨੇ ਆਪਣੇ ਗੀਤਾਂ ਨਾਲ ਖੂਬ ਰੌਣਕ ਲਾਈ ਉੱਥੇ ਦੂਜੇ ਦਿਨ ਸਵੇਰੇ ਆਏ ਮੀਂਹ-ਹਨ੍ਹੇਰੀ ਨੇ ਮੇਲਾ ਗਰਾਊਂਡ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ। ਮੇਲੇ ਦਾ ਮੁੱਖ ਗੇਟ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਮੇਲੇ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਕਾਰੀਗਰਾਂ ਵੱਲੋਂ ਲਾਏ ਸਟਾਲ ਵੀ ਮੀਂਹ ਦੇ ਪਾਣੀ ਨਾਲ ਹੋਏ ਚਿੱਕੜ ਵਿੱਚ ਘਿਰ ਗਏ। ਕਈ ਸਟਾਲ ਵਾਲੇ ਤਾਂ ਗਿਲਾਸਾਂ ਨਾਲ ਪਾਣੀ ਵੀ ਕੱਢਦੇ ਦੇਖੇ ਗਏ। ਭਾਵੇਂ ਕਈਆਂ ਨੇ ਸਟਾਲਾਂ ’ਤੇ ਲੱਗਿਆ ਆਪਣਾ ਸਮਾਨ ਤਰਪਾਲਾਂ ਨਾਲ ਢੱਕ ਲਿਆ ਸੀ ਪਰ ਬਹੁਤੇ ਸਟਾਲ ਖੁੱਲ੍ਹੇ ਅਕਾਸ਼ ਹੇਠਾਂ ਹੀ ਲੱਗੇ ਹੋਏ ਸਨ। ਸਵੇਰ ਸਮੇਂ ਚਿੱਕੜ ਹੋਣ ਕਰਕੇ ਮੇਲਾ ਗਰਾਊਂਡ ਵਿੱਚ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਪਹਿਲਾਂ ਬੀਤੀ ਦੇਰ ਸ਼ਾਮ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਿਤਾਰਿਆਂ ਦੀ ਸ਼ਾਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਮਨਵਿੰਦਰ ਸਿੰਘ ਗਿਆਸਪੁਰਾ (ਸਾਰੇ ਵਿਧਾਇਕ), ਮੇਅਰ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਮੰਤਰੀ ਸ਼੍ਰੀ ਸੌਂਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਮੇਲਿਆਂ ਦਾ ਬਜਟ, ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਬਜਟ ਨਾਲੋਂ ਕਈ ਗੁਣਾਂ ਵਧਾਇਆ ਹੈ। ਇਨ੍ਹਾਂ ਮੇਲਿਆਂ ਰਾਹੀਂ ਪੰਜਾਬ ਦਾ ਸੱਭਿਆਚਾਰ, ਸੰਗੀਤ, ਭੋਜਨ, ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਪੂਰੇ ਦੇਸ਼ ਦੇ 28 ਰਾਜਾਂ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਹੁਨਰਮੰਦ ਲੋਕਾਂ ਵੱਲੋਂ ਇੱਥੇ ਆਪਣੀਆਂ-ਆਪਣੀਆਂ ਸਟਾਲਾਂ ਰਾਹੀਂ ਸਮਾਨ ਪੇਸ਼ ਕਰਕੇ ਵੇਚਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਸ੍ਰੀ ਮੁੰਡੀਆਂ ਨੇ ਦੱਸਿਆ ਕਿ ਇਸ ਸਰਸ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ 1000 ਤੋਂ ਵਧੇਰੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈ ਰਹੇ ਹਨ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਵੀ ਮਾਣਨਗੇ। ਇਸ ਮੈਗਾ ਸਮਾਗਮ ਮੌਕੇ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨ ਲੋਕਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕਰਨਗੇ। ਸਮਾਗਮ ਵਿੱਚ ਦੋਵਾਂ ਮੰਤਰੀਆਂ ਅਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਦੋ ਹੋਣਹਾਰ ਬੱਚੀਆਂ ਪਲਕ ਅਤੇ ਭਾਵਨਾ ਜਿਹੜੀਆਂ ਕਿ ਨਜ਼ਰ ਤੋਂ ਨਹੀਂ ਦੇਖ ਸਕਦੀਆਂ, ਦਾ ਗੀਤ ਰਿਲੀਜ਼ ਕੀਤਾ। ਸਰਸ ਮੇਲਾ 2025 ਦੀ ਪਹਿਲੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਖੂਬ ਨਚਾਇਆ।