ਦੀਵਾਲੀ ਮੌਕੇ ਸੁੰਨੇ ਦਿਖੇ ਰਾਏਕੋਟ ਦੇ ਬਾਜ਼ਾਰ
ਕੌਮਾਂਤਰੀ ਪੱਧਰ ’ਤੇ ਮੰਡੀ ਵਿੱਚ ਛਾਈ ਮੰਦੀ ਦਾ ਟਾਕਰਾ ਕਰਨ ਲਈ ਕੇਂਦਰ ਦੀ ਸਰਕਾਰ ਵੱਲੋਂ ਜੀ.ਐੱਸ.ਟੀ ਦਰਾਂ ਵਿੱਚ ਕਟੌਤੀ ਦੇ ਬਾਵਜੂਦ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਬਜ਼ਾਰਾਂ ਵਿੱਚੋਂ ਰੌਣਕਾਂ ਗ਼ਾਇਬ ਹੀ ਰਹੀਆਂ ਹਨ। ਸਰਕਾਰ ਵੱਲੋਂ ਕੀਤੇ ਦਾਅਵਿਆਂ ਦੇ ਬਾਵਜੂਦ ਮਾਰਕੀਟ ਵਿੱਚ ਕਿਧਰੇ ਵੀ ਉਤਸਵ ਦਾ ਮਹੌਲ ਦੇਖਣ ਨੂੰ ਨਹੀਂ ਮਿਲਿਆ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਾਮਾਨ ਸਜਾਇਆ, ਰੰਗਦਾਰ ਟੈਂਟ ਅਤੇ ਰੰਗ-ਬਰੰਗੀਆਂ ਰੌਸ਼ਨੀਆਂ ਕੀਤੀਆਂ ਪਰ ਉਨ੍ਹਾਂ ਦੀ ਆਸ ਅਨੁਸਾਰ ਗਾਹਕ ਬਾਜ਼ਾਰ ਵਿੱਚ ਨਹੀਂ ਨਿਕਲਿਆ। ਹਰ ਸਾਲ ਦੀ ਤਰ੍ਹਾਂ ਕੱਪੜੇ, ਭਾਂਡਿਆਂ, ਇਲੈਕਟ੍ਰਾਨਿਕਸ ਦਾ ਸਮਾਨ ਵੇਚਣ ਵਾਲਿਆਂ ਤੋਂ ਇਲਾਵਾ ਗਹਿਣਿਆਂ ਦੇ ਵਪਾਰੀਆਂ ਦੀ ਆਸ ਨੂੰ ਵੀ ਬੂਰ ਨਹੀਂ ਪਿਆ। ਦੀਵਾਲੀ ਤੋਂ ਇਕ ਦਿਨ ਪਹਿਲਾਂ ਵੀ ਹਲਵਾਈਆਂ ਅਤੇ ਫਲ਼ਾਂ ਵਾਲੀਆਂ ਦੁਕਾਨਾਂ ਉਪਰ ਕੋਈ ਖ਼ਾਸ ਰੌਣਕ ਦਿਖਾਈ ਨਹੀਂ ਦਿੱਤੀ। ਇਸ ਦੀਵਾਲੀ ਮੌਕੇ ਪਟਾਕਾ ਵਪਾਰੀ ਵੀ ਨਿਰਾਸ਼ ਦਿਖਾਈ ਦਿੱਤੇ, ਕਿਉਂਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਉਡਾਰੀ ਮਾਰ ਗਈ ਹੈ ਅਤੇ ਬਜ਼ੁਰਗ ਘਰਾਂ ਵਿੱਚ ਉਦਾਸ ਬੈਠੇ ਹਨ।
ਧੰਨਤੇਰਸ ਤੋਂ ਬਾਅਦ ਦੀਵਾਲੀ ਦੀ ਆਮਦ ਦੇ ਮੱਦੇਨਜ਼ਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਛੋਟੇ ਕਾਰੋਬਾਰੀ ਵਪਾਰ ਵਿੱਚ ਹੁਲਾਰੇ ਦੀ ਉਮੀਦ ਲਾਈ ਬੈਠੇ ਸਨ। ਪਰ ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਆਮਦ ਵਿੱਚ ਕੁਝ ਦੇਰੀ ਹੋਣ ਅਨਾਜ ਮੰਡੀਆਂ ਵਿੱਚ ਵੀ ਤਿਉਹਾਰਾਂ ਵਾਲਾ ਮਹੌਲ ਦਿਖਾਈ ਨਹੀਂ ਦਿੱਤਾ। ਬੇਰੁਜ਼ਗਾਰੀ ਦੇ ਝੰਬੇ ਮਜ਼ਦੂਰ ਪਰਿਵਾਰਾਂ ਕੋਲ ਵੀ ਤਿਉਹਾਰ ਮਨਾਉਣ ਦਾ ਕੋਈ ਚਾਅ ਦਿਖਾਈ ਨਹੀਂ ਦਿੱਤਾ ਅਤੇ ਕਿਸਾਨ ਵੀ ਝੋਨੇ ਦਾ ਝਾੜ ਘਟਣ ਕਾਰਨ ਖ਼ੁਸ਼ ਦਿਖਾਈ ਨਹੀਂ ਹਨ। ਰਾਏਕੋਟ, ਗੁਰੂਸਰ ਸੁਧਾਰ, ਪੱਖੋਵਾਲ, ਜੋਧਾਂ ਤੋਂ ਇਲਾਵਾ ਇਲਾਕੇ ਦੇ ਵੱਡੇ ਪਿੰਡਾਂ ਵਿੱਚ ਵੀ ਦੁਕਾਨਦਾਰ ਗਾਹਕਾਂ ਨੂੰ ਉਡੀਕਦੇ ਰਹੇ, ਪਰ ਉਨ੍ਹਾਂ ਦੀ ਆਸ ਨੂੰ ਬੂਰ ਨਹੀਂ ਪਿਆ। ਗੁਰੂਸਰ ਸੁਧਾਰ ਦੇ ਕਾਰੋਬਾਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਤੋਂ ਬਾਅਦ ਸਾਰੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਟੈਂਟ ਲਾ ਰੱਖੇ ਹਨ ਅਤੇ ਲੋਕ ਗੱਡੀਆਂ ਖੜ੍ਹੀਆਂ ਕਰਨ ਲਈ ਪ੍ਰੇਸ਼ਾਨ ਜ਼ਰੂਰ ਹੋ ਰਹੇ ਹਨ ਅਤੇ ਪੁਲੀਸ ਵੱਲੋਂ ਧੜਾ-ਧੜ ਚਲਾਨ ਜ਼ਰੂਰ ਕੱਟੇ ਜਾ ਰਹੇ ਹਨ।