ਰਾਏਕੋਟ, ਗੁਰੂਸਰ ਸੁਧਾਰ ਅਤੇ ਮਨਸੂਰਾਂ ਵਿੱਚ ਦਸਹਿਰੇ ਮੌਕੇ ਲੱਗੀਆਂ ਰੌਣਕਾਂ
ਇੱਥੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਹਰ ਸਾਲ ਦੀ ਤਰ੍ਹਾਂ ਬਦੀ ਉਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦਾ ਤਿਉਹਾਰ ਰਵਾਇਤੀ ਢੰਗ ਨਾਲ ਪਾਠ-ਪੂਜਾ ਅਤੇ ਮੰਤਰਾਂ ਦੇ ਉਚਾਰਨ ਨਾਲ ਧਾਰਮਿਕ ਮਾਹੌਲ ਵਿੱਚ ਸ਼ੁਰੂ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਹੀਰਾ ਲਾਲ ਬਾਂਸਲ ਵੱਲੋਂ ਭਗਵਾਨ ਰਾਮ ਚੰਦਰ ਦੀ ਆਰਤੀ ਉਪਰੰਤ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਵੱਲੋਂ ‘ਜੋਤੀ ਪ੍ਰਚੰਡ’ ਅਤੇ ਝੰਡਾ ਲਹਿਰਾਉਣ ਦੀ ਰਸਮ ਵਿਨੋਦ ਕੁਮਾਰ ਖੁਰਮੀ ਵੱਲੋਂ ਨਿਭਾਈ ਗਈ। ਦਸਹਿਰਾ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਅਤੇ ਹੋਰ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਸਮੇਤ ਕਈ ਹੋਰ ਕਲਾਕਾਰਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸੂਰਜ ਢਲਦੇ ਸਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਸੀਟੂ ਆਗੂ ਦਲਜੀਤ ਕੁਮਾਰ ਗੋਰਾ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਨੇ ਅਗਨੀ ਦਿਖਾਈ।
ਇਸੇ ਤਰ੍ਹਾਂ ਗੁਰੂਸਰ ਸੁਧਾਰ ਦੀ ਅਨਾਜ ਮੰਡੀ ਵਿੱਚ ਸਥਾਨਕ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਬਾਅਦ ਇੱਥੇ ਵੀ ਉੱਘੇ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਦਸਹਿਰਾ ਕਮੇਟੀ ਦੇ ਪ੍ਰਧਾਨ ਗੈਰੀ ਸਹੌਲੀ ਦੀ ਸਰਪ੍ਰਸਤੀ ਹੇਠ ਦਸਹਿਰਾ ਕਮੇਟੀ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਗੁਰੂਸਰ ਸੁਧਾਰ ਵਿੱਚ ਵੀ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਰਮੇਸ਼ ਜੈਨ ਉੱਘੇ ਟਰਾਂਸਪੋਰਟਰ ਅਤੇ ਰੂਪਾ ਪੱਤੀ ਦੇ ਸਰਪੰਚ ਦਵਿੰਦਰ ਕਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਲਾਕੇ ਦੇ ਪ੍ਰਸਿੱਧ ਪਿੰਡ ਮਨਸੂਰਾਂ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਰਵਾਇਤੀ ਢੰਗ ਨਾਲ ਦਸਹਿਰਾ ਮਨਾਇਆ ਗਿਆ। ਸਾਬਕਾ ਸਰਪੰਚ ਅਤੇ ਉੱਘੇ ਸਮਾਜ ਸੇਵੀ ਓਮ ਪ੍ਰਕਾਸ਼ ਮਨਸੂਰਾਂ ਦੀ ਅਗਵਾਈ ਹੇਠ ਦਸਹਿਰਾ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਧਾਰਮਿਕ ਰਸਮਾਂ ਨਾਲ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ। ਹਾਲਾਂਕਿ ਦਸਹਿਰਾ ਮੇਲੇ ਵਿੱਚ ਭਾਰੀ ਰੌਣਕਾਂ ਦਿਖਾਈ ਦਿੱਤੀਆਂ ਪਰ ਦਰਸ਼ਕਾਂ ਨੇ ਖ਼ਰੀਦਦਾਰੀ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ।