ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇ
ਡੀ ਪੀ ਐੱਸ ਬੱਤਰਾ
ਸਮਰਾਲਾ, 4 ਜੁਲਾਈ
ਮਾਛੀਵਾੜਾ ਪੁਲੀਸ ਵੱਲੋਂ ਆਸ-ਪਾਸ ਦੇ ਪਿੰਡਾਂ ਵਿੱਚ ਕਾਸੋ ਅਪਰੇਸ਼ਨ ਤਹਿਤ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੀ ਅਗਵਾਈ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਕੀਤੀ। ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਭਾਰੀ ਫੋਰਸ ਬਲ ਸਮੇਤ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇ ਮਾਰੇ ਅਤੇ ਤਲਾਸ਼ੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਨਸ਼ਿਆਂ ਨੂੰ ਮੁਕੰਮਲ ਤੌਰ ’ਤੇ ਨੱਥ ਪਾਈ ਜਾਵੇ ਜਿਸ ਤਹਿਤ ਜਿਨ੍ਹਾਂ ਵੀ ਨਸ਼ਾ ਤਸਕਰਾਂ ਨੇ ਨਸ਼ੇ ਵੇਚ ਕੇ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਨੂੰ ਜਾਂ ਤਾਂ ਜ਼ਬਤ ਕੀਤਾ ਜਾਵੇਗਾ ਜਾਂ ਢਾਹਿਆ ਜਾ ਰਿਹਾ ਹੈ। ਡੀ.ਐੱਸ.ਪੀ. ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਗੈਰ ਕਾਨੂੰਨੀ ਧੰਦੇ ਬੰਦ ਕਰ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਪੁਲੀਸ ਦਾ ਸਹਿਯੋਗ ਦੇਣ, ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲੀਸ ਨੂੰ ਦੇਣ। ਡੀ.ਐੱਸ.ਪੀ. ਸਮਰਾਲਾ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਹਿੰਮ ਤਹਿਤ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਤੋਂ ਪੁੱਛਗਿੱਛ ਦੌਰਾਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਕਰਨੈਲ ਸਿੰਘ, ਅਮਰਜੀਤ ਸਿੰਘ (ਦੋਵੋਂ ਸਹਾਇਕ ਥਾਣੇਦਾਰ), ਹਰਬੰਸ ਸਿੰਘ, ਮਨਪ੍ਰੀਤ ਸਿੰਘ ਤੇ ਜਗਦੇਵ ਸਿੰਘ ਵੀ ਮੌਜੂਦ ਸਨ।
ਹੈਰੋਇਨ ਸਣੇ ਤਿੰਨ ਕਾਬੂ
ਲੁਧਿਆਣਾ: ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੇ ਥਾਣੇਦਾਰ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨੀਰਜ ਭੱਟੀ ਉਰਫ਼ ਗੋਰੀ ਵਾਸੀ ਵਾਲਮੀਕਿ ਮੁਹੱਲਾ ਨੂੰ ਛਾਪੇ ਦੌਰਾਨ ਪਰਿੰਗਲ ਗਰਾਊਂਡ ਕਾਰਾਬਾਰਾ ਤੋਂ ਕਾਬੂ ਕਰ ਕੇ ਉਸ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 4 ਦੇ ਥਾਣੇਦਾਰ ਬਲਰਾਜ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪ੍ਰਿੰਸ ਉਰਫ਼ ਗੁੰਨਾ ਵਾਸੀ ਕਿਲਾ ਮੁਹੱਲਾ ਨੂੰ ਚੈਕਿੰਗ ਦੌਰਾਨ ਕਾਬੂ ਕਰ ਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਮੇਹਰਬਾਨ ਦੇ ਥਾਣੇਦਾਰ ਅਜੀਤ ਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਹਰਜਿੰਦਰ ਸਿੰਘ ਵਾਸੀ ਮਾਡਲ ਕਲੋਨੀ ਨੂੰ ਐਕਟਿਵਾ ਸਕੂਟਰ ’ਤੇ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲੈਣ ’ਤੇ ਉਸ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ