ਅੱਧ ਵਿਚਾਲੇ ਲਟਕਿਆ ਰਹੌਣ ਸੜਕ ਦੀ ਮੁਰੰਮਤ ਦਾ ਕੰਮ
ਇਥੋਂ ਦੇ ਸਮਰਾਲਾ ਰੋਡ ਤੋਂ ਅਨਾਜ ਮੰਡੀ ਰਹੌਣ ਜਾਂਦੀ ਸੜਕ ਦੀ ਰੀਪੇਅਰ ਦਾ ਕੰਮ ਅੱਧ ਵਿਚਕਾਰ ਲਟਕ ਗਿਆ ਹੈ ਅਤੇ ਸੜਕ ਦਾ ਕੰਮ ਸਾਲ 2025 ਵਿਚ ਮੁਕੰਮਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ ਡੀ ਬਾਂਸਲ ਨੇ ਕਿਹਾ ਕਿ ਸੜਕ ’ਤੇ ਮਿੱਟੀ ਪਾ ਕੇ ਅਧੂਰਾ ਛੱਡਿਆ ਕੰਮ ਖੁਸ਼ਕ ਦਿਨਾਂ ਵਿੱਚ ਮਿੱਟੀ ਧੂੜ ਅਤੇ ਮੀਂਹ ਦੇ ਦਿਨਾਂ ਵਿਚ ਚਿੱਕੜ ਕਾਰਨ ਰਾਹਗੀਰਾਂ ਲਈ ਮੁਸੀਬਤ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਸਤੰਬਰ ਮਹੀਨੇ ਵਿੱਚ ਮੁਕੰਮਲ ਕੀਤੀ ਜਾ ਸਕਦੀ ਸੀ ਪਰ ਅਧਿਕਾਰੀਆਂ ਦੀ ਢਿੱਲ ਕਾਰਨ ਸੜਕ ਦਾ ਕੰਮ ਅੱਧ ਵਿਚਾਲੇ ਲਟਕ ਗਿਆ ਜੋ ਹੁਣ ਅਗਲੇ ਸਾਲ ਅਪਰੈਲ ਮਹੀਨੇ ਤੋਂ ਪਹਿਲਾ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਮੰਡੀ ਵਿਚ ਸੀਜ਼ਨ ਚੱਲ ਰਿਹਾ ਹੈ ਜਿਸ ਕਾਰਨ ਪ੍ਰੀਮਿਕਸ ਦਾ ਕੰਮ ਨਹੀਂ ਕੀਤਾ ਜਾ ਸਕਦਾ। ਪੀ ਡੀ ਬਾਂਸਲ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਇਕ ਮਹੀਨੇ ਤੋਂ ਪੱਤਰ ਲਿਖਦੇ ਆ ਰਹੇ ਕਿ ਸੜਕ ਦਾ ਕੰਮ ਸੀਜ਼ਨ ਤੋਂ ਪਹਿਲਾ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਸੀਵਰੇਜ ਲਾਈਨ ਪਾਉਣ ਦੀ ਸੰਸਥਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਜਦੋਂ ਸੜਕ ਮੁਕੰਮਲ ਕਰਨ ਲਈ ਕਿਹਾ ਗਿਆ ਤਾਂ ਅਧਿਕਾਰੀਆਂ ਨੇ ਸੀਵਰੇਜ ਲਾਈਨ ਪਾਉਣ ਦਾ ਕਹਿ ਕੇ ਸੜਕ ਦਾ ਕੰਮ ਮਾਰਚ 2026 ਤੱਕ ਅੱਗੇ ਪਾ ਦਿੱਤਾ ਹੈ। ਬਾਂਸਲ ਨੇ ਮੰਗ ਕੀਤੀ ਕਿ ਜੇਕਰ ਮੰਡੀ ਦਾ ਸੀਜ਼ਨ ਅਕਤੂਬਰ ਮਹੀਨੇ ਵਿਚ ਖ਼ਤਮ ਹੋ ਜਾਂਦਾ ਹੈ ਤਾਂ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਬਚਾਇਆ ਜਾ ਸਕੇ। ਇਸ ਮੌਕੇ ਤਾਰਾ ਚੰਦ, ਦਿਲਪ੍ਰੀਤ, ਅਵਤਾਰ ਸਿੰਘ ਮਾਨ, ਨਵਜੀਤ ਸਿੰਘ, ਰਾਕੇਸ਼ ਕੁਮਾਰ, ਸਤਨਾਮ ਸਿੰਘ, ਨਵਜੀਤ ਸਿੰਘ ਆਦਿ ਹਾਜ਼ਰ ਸਨ।