ਪੰਜਾਬ ਦੀ ਲੁੱਟ ਰੋਕਣ ਲਈ ਪੰਜਾਬੀ ਇਕਜੁੱਟ ਹੋਣ: ਸੁਖਬੀਰ ਬਾਦਲ
ਗੁਰਿੰਦਰ ਸਿੰਘ
ਲੁਧਿਆਣਾ, 11 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਰੋਕਣ ਲਈ ਇਕਜੁੱਟ ਹੋਣ।
ਸਥਾਨਕ ਹੰਬੜਾਂ ਰੋਡ ਸਥਿਤ ਇੱਕ ਹੋਟਲ ਵਿੱਚ ਅਕਾਲੀ ਆਗੂਆਂ, ਅਹੁਦੇਦਾਰਾਂ, ਵੱਖ ਵੱਖ ਵਿੰਗਾਂ ਦੇ ਆਗੂਆਂ ਨਾਲ ਲੈਂਡ ਪੂਲਿੰਗ ਖ਼ਿਲਾਫ਼ 15 ਜੁਲਾਈ ਦੇ ਧਰਨੇ ਸਬੰਧੀ ਕੀਤੀ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬੀ ਕਾਨੂੰਨ ਹੀਣਤਾ ਭੋਗ ਰਹੇ ਹਨ ਜਦਕਿ ਕੇਜਰੀਵਾਲ ਅਸਿੱਧੇ ਤੌਰ ’ਤੇ ਪੰਜਾਬ ਚਲਾ ਰਹੇ ਹਨ ਤੇ ਸਿਰਫ਼ ਪੈਸੇ ਇਕੱਠੇ ਕਰਨਾ ਉਨ੍ਹਾਂ ਦਾ ਇੱਕੋ ਇੱਕ ਪ੍ਰੋਗਰਾਮ ਹੈ।
ਉਨ੍ਹਾਂ ਕਿਹਾ ਕਿ ਹਾਲਾਤ ਇਸ ਕਦਰ ਵਿਗੜਕੇ ਹੇਠਾਂ ਡਿੱਗ ਗਏ ਹਨ ਕਿ ਪੰਜਾਬ ਨੂੰ ਦਿੱਲੀ ਤੋਂ ਰਿਮੋਰਟ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਪੰਜਾਬੀਆਂ ਦੀ ਭਲਾਈ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਉਹ ਤਾਂ ਸਿਰਫ਼ ਸੂਬੇ ਨੂੰ ਲੁੱਟਣ ’ਤੇ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਪ੍ਰਮੁੱਖ ਵਪਾਰੀਆਂ ਨੇ ਹੋਰ ਰਾਜਾਂ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਨੇਕਾਂ ਹੋਰ ਲੋਕ ਦਹਿਸ਼ਤ ਦੇ ਮਾਹੌਲ ਵਿਚ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਸਰਕਾਰ ’ਤੇ ਕੋਈ ਭਰੋਸਾ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਕਿਉਂਕਿ ਅਕਾਲੀ ਦਲ ਦੀਆਂ ਸਰਕਾਰਾਂ ਦਾ ਕਾਨੂੰਨ ਵਿਵਸਥਾ ਕਾਇਮ ਰੱਖਣ ਦਾ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਮੁੱਦਈ ਰਿਹਾ ਹੈ ਤੇ ਅਸੀਂ ਆਪਣੀਆਂ ਸਰਕਾਰਾਂ ਵੇਲੇ ਇਹ ਸੱਚਾਈ ਸਾਬਤ ਵੀ ਕਰ ਕੇ ਵਿਖਾਈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਵੱਲੋਂ ਕਿਸਾਨਾਂ ਦੀ 24 ਹਜ਼ਾਰ ਏਕੜ ਉਪਜਾਊ ਜ਼ਮੀਨ ਦਿੱਲੀ ਦੇ ਵਪਾਰੀਆਂ ਨੂੰ ਸੌਂਪਣ ਦੇ ਮਾੜੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ। ਉਨ੍ਹਾਂ ਦੱਸਿਆ ਕਿ ਕਿਵੇਂ ਪ੍ਰਭਾਵਿਤ ਕਿਸਾਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਦੀ ਉਪਜਾਊ ਜ਼ਮੀਨ ਧੱਕੇ ਨਾਲ ਇੱਕ ਪੁਰਾਣੇ ਕਾਨੂੰਨ ਤਹਿਤ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਭਗੌੜਿਆਂ ਵੱਲੋਂ ਕਿਸਾਨਾਂ ਦੀ ਜ਼ਮੀਨ ਲੁੱਟਣ ਦੇ ਫ਼ੈਸਲੇ ਵਿਰੁੱਧ ਅਕਾਲੀ ਦਲ ਵੱਲੋਂ 15 ਜੁਲਾਈ ਨੂੰ ਦਿੱਤੇ ਜਾ ਰਹੇ ਧਰਨੇ ਦੀ ਸਫ਼ਲਤਾ ਲਈ ਹਰ ਪੰਜਾਬੀ ਆਪਣਾ ਯੋਗਦਾਨ ਪਾਏ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਹੁਣ ਇਹ,ਹੈ ਜ਼ਮੀਨ ਜ਼ਬਰੀ ਲੈ ਲਈ ਤਾਂ ਇਸਤੋਂ ਬਾਅਦ ਉਹ ਹੋਰ ਜ਼ਮੀਨ ਵੀ ਲੁੱਟਣਗੇ। ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਐਸਆਰ ਕਲੇਰ, ਹੀਰਾ ਸਿੰਘ ਗਾਬੜ੍ਹੀਆ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਹਰੀਸ਼ ਰਾਏ ਢਾਂਡਾ, ਕਮਲ ਚੇਤਲੀ, ਆਰਡੀ ਸ਼ਰਮਾ, ਕੁਲਵਿੰਦਰ ਕਿੰਦਾ, ਜਸਪਾਲ ਗਿਆਸਪੁਰਾ, ਬਾਬਾ ਅਜੀਤ ਸਿੰਘ, ਅਮਨਜੋਤ ਸਿੰਘ ਗੋਹਲਵੜੀਆ ਵੀ ਹਾਜ਼ਰ ਸਨ।
ਜ਼ਖ਼ਮੀ ਡਾ. ਅਨਿਲਜੀਤ ਸਿੰਘ ਕੰਬੋਜ ਦਾ ਹਾਲ-ਚਾਲ ਪੁੱਛਿਆ
ਸੁਖਬੀਰ ਬਾਦਲ ਨੇ ਗੈਂਗਸਟਰਾਂ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਡਾ. ਅਨਿਲ ਜੀਤ ਸਿੰਘ ਕੰਬੋਜ ਦਾ ਹਾਲ-ਚਾਲ ਜਾਣਿਆ। ਇਸ ਮਗਰੋਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਫਿਰੌਤੀਆਂ ਲਈ ਹੋ ਰਹੇ ਕਤਲਾਂ ਦੇ ਮਾਮਲਿਆਂ ’ਚ ਵਾਧੇ ਲਈ ਕੇਜਰੀਵਾਲ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅੱਜ ਅਮਨ ਕਾਨੂੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਗੈਂਗਸਟਰ ਵਾਦ ਦਾ ਬੋਲਬਾਲਾ ਹੈ। ਫ਼ਿਰੌਤੀਆਂ ਲਈ ਰੋਜ਼ਾਨਾ ਹਮਲੇ ਹੋ ਰਹੇ ਹਨ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਡਾ. ਕੰਬੋਜ ਨੇ ਫਿਰੌਤੀਆਂ ਦੀਆਂ ਧਮਕੀਆਂ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਡਾ. ਕੰਬੋਜ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਲਈ ਨਿਆਂ ਹਾਸਲ ਕਰਨ ਵਾਸਤੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹਾ ਹੋਵੇਗਾ।