ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab news ਪੇਪਰ ਦੇ ਕੇ ਮੁੜ ਰਿਹਾ ਵਿਦਿਆਰਥੀ ਸੜਕ ਹਾਦਸੇ ’ਚ ਹਲਾਕ, ਦੂਜਾ ਗੰਭੀਰ ਜ਼ਖ਼ਮੀ

ਪੁਲੀਸ ਵੱਲੋਂ ਫ਼ਰਾਰ ਕੈਂਟਰ ਚਾਲਕ ਖਿਲਾਫ਼ ਕੇਸ ਦਰਜ, ਪਾਇਲ-ਧਮੋਟ ਕਲਾਂ ਰੋਡ ’ਤੇ ਬਾਅਦ ਦੁਪਹਿਰ ਵਾਪਰਿਆ ਹਾਦਸਾ
ਮ੍ਰਿਤਕ ਵਿਦਿਆਰਥੀ ਹਰਕੀਰਤ ਸਿੰਘ ਦੀ ਫਾਈਲ ਫੋਟੋ।
Advertisement

ਦੇਵਿੰਦਰ ਸਿੰਘ ਜੱਗੀ

ਪਾਇਲ, 12 ਮਾਰਚ

Advertisement

Punjab news ਇਥੇ ਪਾਇਲ-ਧਮੋਟ ਕਲਾਂ ਰੋਡ ’ਤੇ ਦੁਪਹਿਰ ਸਮੇਂ ਪੁਰੀ ਪੈਟਰੋਲ ਪੰਪ ਲਾਗੇ ਪਾਇਲ ਵੱਲੋਂ ਜਾ ਰਹੀ ਕੈਂਟਰ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ਵਿਚ ਇਕ ਵਿਦਿਆਰਥੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਵਿਦਿਆਰਥੀ ਧਮੋਟ ਕਲਾਂ ਤੋਂ ਪੇਪਰ ਦੇ ਕੇ ਪਰਤ ਰਹੇ ਸਨ। ਹਾਦਸੇ ਮਗਰੋਂ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਖਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਧਮੋਟ ਕਲਾਂ ਸੈਂਟਰ ’ਚੋਂ ਪੇਪਰ ਦੇ ਕੇ ਮੋਟਰਸਾਈਕਲ (ਪੀਬੀ 26 ਈ 4134) ’ਤੇ ਆ ਰਹੇ ਸਨ। ਇਨ੍ਹਾਂ ਪਾਇਲ ਵੱਲੋਂ ਜਾ ਰਹੀ ਟਾਟਾ ਕੰਪਨੀ ਦੀ ਕੈਂਟਰ ਗੱਡੀ (ਨੰਬਰ ਪੀਬੀ 10-ਐਚ ਐਕਸ 6767) ਨੇ ਪੁਰੀ ਪੈਟਰੋਲ ਪੰਪ ਲਾਗੇ ਲਪੇਟ ਵਿੱਚ ਲੈ ਲਿਆ। ਹਾਦਸੇ ਵਿਚ ਵਿਦਿਆਰਥੀ ਹਰਕੀਰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਜੱਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਸਰਾ ਵਿਦਿਆਰਥੀ ਰਾਜਦੀਪ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਮਾਜਰੀ ਗੰਭੀਰ ਜ਼ਖ਼ਮੀ ਹੋ ਗਿਆ ਜੋ ਸਰਕਾਰੀ ਹਸਪਤਾਲ 32 ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ।

ਪੁਲੀਸ ਨੇ ਮ੍ਰਿਤਕ ਵਿਦਿਆਰਥੀ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ’ਤੇ ਕੈਂਟਰ ਡਰਾਈਵਰ ਬਲਰਾਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨਾਰੋਮਾਜਰਾ ਥਾਣਾ ਅਹਿਮਦਗੜ੍ਹ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਤਫਤੀਸ਼ੀ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਵਿਦਿਆਰਥੀ ਦੀ ਲਾਸ਼ ਸਿਵਲ ਹਸਪਤਾਲ ਪਾਇਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ, ਜੋ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਮ੍ਰਿਤਕ ਵਿਦਿਆਰਥੀ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਾਇਲ ਸ਼ਹਿਰ ਅੰਦਰ ਦੋ ਸਰਕਾਰੀ ਸਕੂਲ ਲੜਕੇ ਤੇ ਲੜਕੀਆਂ ਤੋਂ ਇਲਾਵਾ ਕਈ ਪ੍ਰਾਈਵੇਟ ਸਕੂਲ ਵੀ ਚੱਲਦੇ ਹਨ ਜਿੱਥੇ ਪਹਿਲਾਂ ਬੋਰਡ ਦੇ ਪੇਪਰ ਇੱਥੇ ਹੀ ਸੈਂਟਰ ਹੋਣ ਕਰਕੇ ਹੁੰਦੇ ਸਨ। ਲੋਕਾਂ ਚ ਸਿੱਖਿਆ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।

Advertisement
Tags :
Punjab accident