ਪੰਜਾਬ ਗਤਕਾ ਐਸੋਸੀਏਸ਼ਨ ਨੂੰ ਮਾਨਤਾ ਮਿਲੀ
ਪੰਜਾਬ ਗਤਕਾ ਐਸੋਸੀਏਸ਼ਨ ਜੋ ਕਿ ਸਾਲ 2008 ਤੋਂ ਗਤਕੇ ਨੂੰ ਇੱਕ ਖੇਡ ਦੇ ਰੂਪ ਵਿਚ ਪ੍ਰਫੁਲਿੱਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਅੱਜ ਤੱਕ ਇਹ 10 ਸ਼ਾਨਦਾਰ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪਸ ਕਰਵਾ ਚੁੱਕੀ ਹੈ। ਪੰਜਾਬ ਗਤਕਾ ਐਸੋਸੀਏਸ਼ਨ ਨੂੰ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸੰਨ 2009 ਵਿਚ ਆਰਜ਼ੀ ਤੌਰ ’ਤੇ ਮਾਨਤਾ ਦਿੱਤੀ ਗਈ ਸੀ, ਜਿਸ ਨੂੰ ਅੱਜ ਪੱਕੀ ਮਾਨਤਾ ਦਿੱਤੀ ਗਈ ਹੈ। ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਖਿਡਾਰੀਆਂ ਤੇ ਪ੍ਰੇਮੀਆਂ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕਾ ਖੇਡ ਨੂੰ ਮਾਨਤਾ ਦਿੱਤੀ ਗਈ ਹੈ, ਇਸ ਦੇ ਨਾਲ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਵੀ ਇਸ ਖੇਡ ਨੂੰ ਮਾਨਤਾ ਦਿਵਾਉਣ ਲਈ ਵੀ ਰਸਤੇ ਖੁੱਲਣਗੇ। ਇਸ ਸਮੇਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿ ਗਤਕੇ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕੇ ਨੂੰ ਮਾਨਤਾ ਦੇਣਾ ਇਹ ਪਹਿਲਾ ਕਦਮ ਸਾਬਿਤ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਗਤਕਾ ਖੇਡ ਨੂੰ ਵਿਸ਼ਵ ਓਲੰਪਿਕ ਖੇਡਾਂ ਵਿਚ ਵੀ ਖੇਡਿਆ ਜਾਵੇ। ਇਸ ਮੌਕੇ ਹਰਚਰਨ ਸਿੰਘ ਭੁੱਲਰ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਿੱਥੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਉੱਥੇ ਸਾਬਕਾ ਕੈਬਿਨਟ ਮੰਤਰੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ, ਸਾਬਕਾ ਖੇਡ ਮੰਤਰੀ ਅਤੇ ਸੀਨੀਅਰ ਵਾਈਸ ਪ੍ਰਧਾਨ ਪ੍ਰਗਟ ਸਿੰਘ ਅਤੇ ਜਨਰਲ ਸਕੱਤਰ ਪੰਜਾਬ ਓਲੰਪਿਕ ਐਸੋਸੀਏਸ਼ਨ ਰਾਜਾ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।