ਖੇਤੀਬਾੜੀ ਵਿਦਿਆਰਥੀਆਂ ਦੇ ਧਰਨੇ ’ਚ ਪਹੁੰਚੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ
ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਪੀਏਯੂ ਵਿੱਚ ਖੇਤੀਬਾੜੀ ਵਿਦਿਆਰਥੀਆਂ ਵੱਲੋਂ ਲਾਇਆ ਜਾ ਰਿਹਾ ਧਰਨਾ ਅੱਜ 10ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਅਨਿਲ ਸਰੀਨ ਨੇ ਸ਼ਿਰਕਤ ਕੀਤੀ। ਧਰਨਾਕਾਰੀ ਵਿਦਿਆਰਥੀਆਂ ਵੱਲੋਂ ਖੇਤੀਬਾੜੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਅਤੇ ਖੇਤੀਬਾੜੀ ਮਾਸਟਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ।
ਧਰਨੇ ਦੌਰਾਨ ਵਿਦਿਆਰਥੀਆਂ ਆਗੂਆਂ ਨੇ ਸ੍ਰੀ ਸਰੀਨ ਨੂੰ ਦੱਸਿਆ ਕਿ ਸਕੂਲਾਂ ਵਿੱਚ ਖੇਤੀਬਾੜੀ ਵਿਸ਼ੇ ਨੂੰ ਲਾਜ਼ਮੀ ਕਰਕੇ ਖੇਤੀਬਾੜੀ ਮਾਸਟਰਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਖੇਤੀਬਾੜੀ, ਬਾਗਬਾਨੀ, ਮੰਡੀਕਰਨ ਬੋਰਡ, ਮਾਰਕਫੈੱਡ ਆਦਿ ਵਿਭਾਗਾਂ ਵਿੱਚ ਕਈ ਅਸਾਮੀਆਂ ਖਾਲੀ ਹਨ ਜਿਨ੍ਹਾਂ ’ਤੇ ਖੇਤੀਬਾੜੀ ਦੀ ਪੜ੍ਹਾਈ ਕਰ ਚੁੱਕੇ ਬੇਰੁਜਗਾਰ ਘੁੰਮ ਰਹੇ ਨੌਜਵਾਨਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਸ੍ਰੀ ਸਰੀਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਮੀਟਿੰਗ ਗਵਰਨਰ ਲਾਲ ਚੰਦ ਕਟਾਰੀਆ ਨਾਲ ਕਰਵਾ ਕੇ ਮੰਗਾਂ ਦਾ ਮੁੱਦਾ ਉਠਾਉਣਗੇ। ਇਸ ਦੌਰਾਨ ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪਿਛਲੇ 10 ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਹਾਲਾਂ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਰੋਸ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸਬੰਧਤ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਹਨ, ਮੀਟਿੰਗਾਂ ਕਰ ਚੁੱਕੇ ਹਨ ਪਰ ਸੁਣਵਾਈ ਕਿਤੇ ਵੀ ਨਹੀਂ ਹੋਈ। ਉਨ੍ਹਾਂ ਮੰਗਾਂ ਪੂਰੀਆਂ ਹੋਣ ਤੱਕ ਰੋਸ ਧਰਨਾ ਇਸੇ ਤਰ੍ਹਾਂ ਲਗਾਈ ਰੱਖਣ ਦੀ ਗੱਲ ਆਖੀ ਹੈ।