ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਯੁਵਕ ਮੇਲਾ ਸ਼ੁਰੂ
ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਅੰਦਰ ਵੱਸਦੀ ਕਲਾ ਅਤੇ ਹੁਨਰ ਨੂੰ ਉਜਾਗਰ ਕਰਨ ਲਈ ਯੁਵਕ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ਾਮ ਨੂੰ ਹੋਏ ਕਾਵਿ ਉਚਾਰਣ ਅਤੇ ਹਾਸ ਰਸ ਕਾਵਿ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਭੁਪਿੰਦਰ ਕੌਰ ਪਾਤਰ ਨੇ ਕਿਹਾ ਕਿ ਅੱਜ ਦੀਆਂ ਕਵਿਤਾਵਾਂ ਸੁਣ ਕੇ ਮਹਿਸੂਸ ਹੋਇਆ ਕਿ ਨੌਜਵਾਨ ਪੀੜ੍ਹੀ ਸਾਹਿਤ ਵਿੱਚ ਵਧੇਰੇ ਰੁਚੀ ਰੱਖਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ।
ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਦੇ ਸਾਹਿਤਕ, ਲਲਿਤ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਚਾਰ ਦਿਨ ਚੱਲਣਗੇ ਅਤੇ ਬਾਅਦ ਵਿੱਚ ਗਰੁੱਪ ਆਈਟਮਾਂ ਦੇ ਮੁਕਾਬਲੇ ਸ਼ੁਰੂ ਹੋਣਗੇ। ਪਹਿਲੇ ਦਿਨ ਸ਼ਬਦ (ਸਮੂਹ) ਮੁਕਾਬਲੇ ਵਿੱਚ ਖੇਤਾਬਾੜੀ ਕਾਲਜ ਲੁਧਿਆਣਾ ਨੇ ਪਹਿਲਾ, ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੇ ਦੂਜਾ ਅਤੇ ਕਮਿਊਨਟੀ ਸਾਇੰਸ ਕਾਲਜ ਨੇ ਤੀਸਰਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਵਿਅਕਤੀਗਤ ਸ਼ਬਦ ਮੁਕਾਬਲੇ ਵਿੱਚ ਪਹਿਲਾ ਇਨਾਮ ਗੁਰਵੀਰ ਸਿੰਘ ਨੇ ਦੂਜਾ ਇਨਾਮ ਅਜੈਪ੍ਰੀਤ ਸਿੰਘ ਨੇ ਅਤੇ ਤੀਸਰਾ ਇਨਾਮ ਜਸਕੀਰਤ ਸਿੰਘ ਨੇ ਹਾਸਲ ਕੀਤਾ।
ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਅਤੇ ਡਾ. ਸੁਮੇਧਾ ਭੰਡਾਰੀ ਵੱਲੋਂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
