ਜਨਤਕ ਜਥੇਬੰਦੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ
ਇਥੇ ਜਨਤਕ ਜਥੇਬੰਦੀਆਂ ਨੇ ਅੱਜ ਇਥੇ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕਰਕੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਾਇਆ। ਇਸ ਵਿੱਚ ਜਿੱਥੇ ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਪੱਤਰਕਾਰ ਵੀ ਹਮਾਇਤ ਵਜੋਂ ਸ਼ਾਮਲ ਹੋਏ। ਰੋਸ ਮਾਰਚ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਗੂੰਜੇ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਨਿੱਕਲ ਚੁੱਕੀ ਹੈ ਅਤੇ ਇਸ ਦੇ ਸਾਰਥਕ ਸਿੱਟੇ ਨਹੀਂ ਨਿੱਕਲੇ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਤੇ ‘ਆਪ’ ਸਰਕਾਰ ਸਚਮੁੱਚ ਨਸ਼ਿਆਂ ਦੇ ਖ਼ਾਤਮੇ ਲਈ ਗੰਭੀਰ ਹੈ ਤਾਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਵੱਲ ਅਗਲਾ ਕਦਮ ਪੁੱਟਿਆ ਜਾਵੇ। ਪ੍ਰਸ਼ਾਸਨਿਕ ਅਧਿਕਾਰੀ ਨੂੰ ਦਿੱਤੇ ਮੰਗ ਪੱਤਰ ਵਿੱਚ ਵੀ ਨਸ਼ੇ ਦੀ ਜੜ੍ਹ ਬਾਰੇ ਖੁਲਾਸਾ ਕਰਦਿਆਂ ਇਸ ਨੂੰ ਪੁੱਟਣ ’ਤੇ ਜ਼ੋਰ ਦਿੱਤਾ। ਜਨਤਕ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਜੜ੍ਹ ਬੇਰੁਜ਼ਗਾਰੀ ਹੈ, ਜਿਸ ਨੂੰ ਖ਼ਤਮ ਕੀਤੇ ਬਿਨਾਂ ਨਸ਼ੇ ਮੁੱਕਣੇ ਨਹੀਂ। ਦੂਜੀ ਜੜ੍ਹ ਨਸ਼ਾ ਵੇਚਣ ਵਾਲੇ ਵੱਡੇ ਤਸਕਰ ਹਨ, ਜੋ ਕਦੇ ਵੀ ਫੜੇ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਇਹ ਵੱਡੇ ਤਸਕਰ ਉਸ ਨਾਪਾਕ ਗੱਠਜੋੜ ਦਾ ਹਿੱਸਾ ਹਨ, ਜਿਸ ਵਿੱਚ ਕੁਝ ਪੁਲੀਸ ਅਧਿਕਾਰੀ ਤੇ ਕਈ ਸਿਆਸਤਦਾਨ ਸ਼ਾਮਲ ਹਨ। ਮੰਗ ਪੱਤਰ ਵਿੱਚ ਨਸ਼ਾ ਕਰਨ ਵਾਲਿਆਂ ਨਾਲ ਮੁਜਰਮਾਨਾ ਰਵੱਈਆ ਅਪਣਾਉਣਾ ਬੰਦ ਕਰਨ ਤੇ ਉਨ੍ਹਾਂ ਦਾ ਸਹੀ ਇਲਾਜ ਕਰਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮਜ਼ਦੂਰ ਆਗੂ ਅਵਤਾਰ ਸਿੰਘ ਤਾਰੀ ਅਤੇ ਪੱਤਰਕਾਰ ਮਨਦੀਪ ਰਸੂਲਪੁਰ ਨੂੰ ਕਥਿਤ ਧਮਕਾਉਣ ਵਾਲੇ ਥਾਣਾ ਮੁਖੀ ਤੇ ਡੀ ਐੱਸ ਪੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਮਨਦੀਪ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਖ਼ਿਲਾਫ਼ ਅਸਲਾ ਤੇ ਐੱਨ ਡੀ ਪੀ ਐੱਸ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਸੂਬਾਈ ਆਗੂ ਗੁਰਮੀਤ ਸਿੰਘ ਮੋਤੀ, ਕਾਮਰੇਡ ਹਰਦੇਵ ਸਿੰਘ ਸੰਧੂ, ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਜਸਦੇਵ ਸਿੰਘ ਲਲਤੋਂ, ਕੰਵਲਜੀਤ ਖੰਨਾ, ਹਰਜੀਤ ਸਿੰਘ ਕਲਸੀਆਂ, ਸੁਖਦੇਵ ਮਾਣੂੰਕੇ, ਮਾਸਟਰ ਅਵਤਾਰ ਸਿੰਘ, ਜੋਗਿੰਦਰ ਆਜ਼ਾਦ, ਸੁੱਖ ਜਗਰਾਉਂ, ਸੁਖਵਿੰਦਰ ਸਿੰਘ ਸਿੱਧੂ, ਮਨਿੰਦਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਤਾਰੀ, ਕਰਮਜੀਤ ਮਾਣੂੰਕੇ, ਅਰੁਣ ਕੁਮਾਰ, ਚਰਨ ਸਿੰਘ ਨੂਰਪੁਰਾ, ਸੁਖਦੇਵ ਸਿੰਘ ਘੁਡਾਣੀ ਆਦਿ ਨੇ ਕਿਹਾ ਕਿ ਨਸ਼ਿਆਂ ਬਾਰੇ ਸਰਕਾਰੀ ਅੰਕੜੇ ਅਤੇ ਜ਼ਮੀਨੀ ਹਕੀਕਤ ਮੇਲ ਨਹੀਂ ਖਾਂਦੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕੁੜੀਆਂ ਵੀ ਵੱਡੀ ਗਿਣਤੀ ਨਸ਼ੇ ਦੀਆਂ ਆਦੀ ਹੋ ਗਈਆਂ ਹਨ। ਨਸ਼ੇੜੀ ਪਹਿਲਾਂ ਘਰ ਦਾ ਸਾਮਾਨ ਵੇਚਿਆ ਕਰਦੇ ਸਨ ਜਦ ਕਿ ਹੁਣ ਤਾਂ ਨਿਘਾਰ ਇਥੋਂ ਤਕ ਆ ਗਿਆ ਕਿ ਨਸ਼ੇ ਦੀ ਪੂਰਤੀ ਲਈ ਆਪਣੇ ਬੱਚੇ ਵੇਚਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ।
