ਪਬਲਿਕ ਐਕਸ਼ਨ ਕਮੇਟੀ ਵੱਲੋਂ ਭਾਰਤ ਨਗਰ ਚੌਕ ਦੀ ਬਹਾਲੀ ਦੀ ਮੰਗ
ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮੱਤੇਵਾੜਾ ਵੱਲੋਂ ਹੋਰ ਕਈ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਭਾਰਤ ਨਗਰ ਚੌਕ ਦੀ ਮੁੜ ਬਹਾਲੀ ਲਈ ਇਕੱਠ ਕਰਕੇ ਮਹਾਂਵੀਰ ਚੱਕਰ ਨਾਲ ਸਨਮਾਨਿਤ ਮੇਜਰ ਭੁਪਿੰਦਰ ਸਿੰਘ ਨੂੰ ਉਨ੍ਹਾਂ ਦੇ 60ਵੇਂ ਸ਼ਹੀਦੀ ਦਿਵਸ ’ਤੇ ਯਾਦ ਕੀਤਾ ਗਿਆ। ਇਸ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪੀਏਸੀ ਦੇ ਨੁਮਾਇੰਦਿਆਂ ਨੇ ਚੌਕ ’ਤੇ ਪਿਛਲੇ ਸਾਲਾਂ ਦੌਰਾਨ ਹਟਾਏ ਗਏ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਟੈਂਕ ਦੁਬਾਰਾ ਸਥਾਪਤ ਕੀਤੇ ਜਾਣ, ਚੌਕ ਦਾ ਇਤਿਹਾਸਕ ਨਾਮ ‘ਭਾਰਤ ਨਗਰ ਚੌਂਕ’ ਬਹਾਲ ਕਰਨ ਅਤੇ ਚੌਕ ’ਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਚੌਕ ’ਤੇ ਸ਼ਹੀਦ ਦੇ ਬੁੱਤ ਅਤੇ ਟੈਂਕ ਦੀ ਥਾਂ ਰੱਖੇ ਸਾਈਕਲ ’ਤੇ ਸ਼ਹੀਦ ਦੀ ਫੋਟੋ ਅਤੇ ਟੈਂਕ ਵਾਲੇ ਪੋਸਟਰ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ।
3 ਅਕਤੂਬਰ, 1965 ਨੂੰ ਸ਼ਹੀਦ ਹੋਏ ਮੇਜ਼ਰ ਭੁਪਿੰਦਰ ਸਿੰਘ ਨੂੰ ਯਾਦ ਕਰਨ ਲਈ ਅੱਜ ਪੀਏਸੀ ਤੋਂ ਇਲਾਵਾ ਐਕਸ ਸਰਵਿਸਮੈਨ ਐਸੋਸੀਏਸ਼ਨ, ਸਮਾਜ ਸੇਵੀ ਜਥੇਬੰਦੀਆਂ, ਸ਼ਾਪਕੀਪਰ ਐਸੋਸੀਏਸ਼ਨ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਕਿਸਾਨ ਜਥੇਬੰਦੀਆਂ ਵੱਲੋਂ ਦਿਲਬਾਗ ਸਿੰਘ ਗਿੱਲ ਨੇ ਸ਼ਮੂਲੀਅਤ ਕਰਦਿਆਂ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਮੇਜ਼ਰ ਭੁਪਿੰਦਰ ਸਿੰਘ ਦਾ ਬੁੱਤ ਕੁੱਝ ਸਾਲ ਪਹਿਲਾਂ ਭਾਰਤ ਨਗਰ ਚੌਕ ਤੋਂ ਚੁੱਕ ਕੇ ਦੂਜੀ ਥਾਂ ਲਗਾ ਦਿੱਤਾ ਗਿਆ ਸੀ ਪਰ ਹੁਣ ਇਸ ਚੌਕ ਨੂੰ ਦੁਬਾਰਾ ਤਿਆਰ ਕਰਕੇ ਇੱਕ ਨਿੱਜੀ ਕੰਪਨੀ ਵੱਲੋਂ ਟੈਂਕ ਦੀ ਥਾਂ ਸਾਈਕਲ ਰੱਖ ਦਿੱਤਾ ਗਿਆ। ਚੌਕ ਵਿੱਚ ਹੋਰ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਦਾ ਸਿਰਫ ‘ਲੱਲਾ’ ਲਿਖ ਕੇ ਉਸ ਪਿੱਛੇ ਅੰਗਰੇਜ਼ੀ ਦੇ ਸ਼ਬਦ ਲਾ ਕੇ ਲੁਧਿਆਣਾ ਲਿਖ ਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਹੈ। ਅੱਜ ਦੀ ਇਕੱਤਰਤਾ ਦੌਰਾਨ ਮੇਜ਼ਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪੀਏਸੀ ਮੈਂਬਰਾਂ ਕੁਲਦੀਪ ਸਿੰਘ ਖਹਿਰਾ ਅਤੇ ਗੁਰਪ੍ਰੀਤ ਸਿੰਘ ਪਲਾਹਾ ਨੇ ਸ਼ਹੀਦ ਦੇ ਜੱਦੀ ਪਿੰਡ ਤੋਂ ਮਿੱਟੀ ਲਿਆ ਕੇ ਚੌਕ ਦੀ ਮਿੱਟੀ ਵਿੱਚ ਮਿਲਾਈ। ਇਸ ਮੌਕੇ ਇੰਡੀਅਨ ਐਕਸ ਸਰਵਿਸ ਲੀਗ ਦੇ ਪ੍ਰਧਾਨ ਸਾਬਕਾ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਹ ਜਾਇਜ਼ ਮੰਗ ਹੈ ਅਤੇ ਉਹ ਵੈਸਟਰਨ ਕਮਾਂਡ ਨੂੰ ਪੱਤਰ ਲਿਖ ਕੇ ਸਿੱਧੀ ਮੁੱਖ ਮੰਤਰੀ ਨਾਲ ਗੱਲ ਕਰਕੇ ਸ਼ਹੀਦ ਦੇ ਬੁੱਤ ਨੂੰ ਬਣਦਾ ਸਨਮਾਨ ਦਿਵਾਉਣ ਲਈ ਕਹਿਣਗੇ। ਸਮੂਹ ਪਤਵੰਤਿਆਂ ਨੇ ਚੌਕ ’ਤੇ ਸ਼ਹੀਦ ਦੇ ਬੁੱਤ ਅਤੇ ਟੈਂਕ ਵਾਲਾ ਪੋਸਟਰ ਲਗਾਉਂਦਿਆਂ ਕਿਹਾ ਕਿ ਇਹ ਓਨੀ ਦੇਰ ਇੱਥੇ ਹੀ ਲੱਗਾ ਰਹੇਗਾ ਜਦੋਂ ਤੱਕ ਸ਼ਹੀਦ ਦਾ ਬੁੱਤ ਅਤੇ ਟੈਂਕ ਇੱਥੇ ਦੁਬਾਰਾ ਸਥਾਪਤ ਨਹੀਂ ਹੋ ਜਾਂਦਾ। ਜੱਥੇਬੰਦੀਆਂ ਨੇ ਪ੍ਰਸਾਸ਼ਨ ਨੂੰ ਚੌਕ ਤੋਂ ਗੈਰ ਕਾਨੂੰਨੀ ਢਾਂਚਿਆਂ ਨੂੰ ਹਟਝਾਉਣ, ਸ਼ਹੀਦ ਦਾ ਬੁੱਤ ਅਤੇ ਟੈਂਕ ਲਗਾਉਣ ਲਈ ਦੀਵਾਲੀ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਪ੍ਰਸਾਸ਼ਨ ਅਸਫਲ ਰਹਿੰਦਾ ਹੈ ਤਾਂ ਦੀਵਾਲੀ ਤੋਂ ਬਾਅਦ ਸੂਬੇ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਸੰਪਰਕ ਕਰਕੇ ਚੌਕ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।