ਪੀ ਯੂ ਜ਼ੋਨਲ ਯੁਵਕ ਮੇਲਾ: ਐੱਸ.ਸੀ.ਡੀ. ਸਰਕਾਰੀ ਕਾਲਜ ਨੂੰ ਓਵਰਆਲ ਟਰਾਫੀ
ਸਥਾਨਕ ਐਸਸੀਡੀ ਸਰਕਾਰੀ ਕਾਲਜ ਵਿੱਚ ਬੀਤੀ ਦੇਰ ਸ਼ਾਮ ਸਮਾਪਤ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀ ਓਵਰਆਲ ਟਰਾਫੀ ਐਸਸੀਡੀ ਸਰਕਾਰੀ ਕਾਲਜ ਨੇ ਜਿੱਤ ਲਈ ਹੈ। ਚਾਰ ਦਿਨ ਚੱਲੇ ਇਸ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਦੇ ਕਲਾਤਮਕ, ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ 27 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਪਹਿਲੇ ਦਿਨ ਦਾ ਆਰੰਭ ਪਰੰਪਰਾਗਤ ਦੀਵਾ ਬਾਲ ਕੇ, ਸਮਾਰਿਕਾ ਅਤੇ ਕਾਲਜ ਮੈਗਜ਼ੀਨ ‘ਸਤਲੁਜ’ ਲੋਕ ਅਰਪਨ ਨਾਲ ਹੋਇਆ, ਜਿਸ ਤੋਂ ਬਾਅਦ ਲੋਕ-ਸੰਗੀਤ ਅਤੇ ਸ਼ਿਲਪ ਕਲਾ ਨਾਲ ਜੁੜੀਆਂ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਦੂਜੇ ਦਿਨ ਰੰਗਮੰਚ, ਵਾਦ-ਵਿਵਾਦ, ਚਿਤਰਕਲਾ ਅਤੇ ਹੋਰ ਰਚਨਾਤਮਕ ਪ੍ਰਦਰਸ਼ਨਾਂ ਦਾ ਆਯੋਜਨ ਹੋਇਆ। ਤੀਜੇ ਦਿਨ ਜੋਸ਼ੀਲੇ ਭੰਗੜੇ, ਕਵਿਸ਼ਰੀ ਅਤੇ ਲਲਿਤ ਕਲਾ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗਾਂ ਨਾਲ ਭਰ ਦਿੱਤਾ। ਅੰਤਿਮ ਦਿਨ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਸਨ। ਉਨ੍ਹਾਂ ਨਾਲ ਮੇਅਰ ਇੰਦਰਜੀਤ ਕੌਰ, ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਮਦਨ ਲਾਲ ਬੱਗਾ ਨੇ ਵੀ ਮੰਚ ਦੀ ਸ਼ੋਭਾ ਵਧਾਈ। ਗਿੱਧਾ ਅਤੇ ਹੋਰ ਲੋਕ ਨ੍ਰਿਤ ਪ੍ਰਸਤੁਤੀਆਂ ਨੇ ਸਮਾਪਨ ਸਮਾਰੋਹ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ। ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰੌਫੀ ਆਪਣੇ ਨਾਮ ਕੀਤੀ, ਜਦਕਿ ਕੇ.ਸੀ.ਡਬਲਯੂ. ਲੁਧਿਆਣਾ ਨੇ ਦੂਜਾ ਸਥਾਨ ਅਤੇ ਜੀ.ਸੀ.ਜੀ. ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਸਾਰੇ ਮਹਿਮਾਨਾਂ, ਪ੍ਰਿੰਸੀਪਲਾਂ, ਕਾਲਜਾਂ ਦੇ ਇੰਚਾਰਜਾਂ ਅਤੇ 27 ਕਾਲਜਾਂ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਸਹਿਯੋਗ ਦੇ ਕਾਰਨ ਹੀ ਇਹ ਖੇਤਰੀ ਯੂਥ ਐਂਡ ਹੈਰੀਟੇਜ ਮਹਾਂਉਤਸਵ ਇੰਨਾ ਸਫਲ ਹੋ ਸਕਿਆ ਹੈ।