ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਕੌਮੀ ਮਾਰਗ ਜਾਮ ਕੀਤਾ
ਸਹਿਰ ਵਿੱਚ ਵੀਰਵਾਰ ਨੂੰ ਪੰਜਾਬ ਰੋਡਵੇਜ਼, ਪਨਬੱਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਪੈਂਡਿੰਗ ਮੰਗਾਂ ਮਨਵਾਉਣ ਲਈ ਸ਼ੇਰੁਪਰ ਨੇੜੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਕਈ ਵਾਰ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਪੈਂਡਿੰਗ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਉਹ ਸਾਰੀਆਂ ਬੇਸਿੱਟਾ ਰਹੀਆਂ ਹਨ। ਮੁਲਾਜ਼ਮਾਂ ਇਸ ਗੱਲ ’ਤੇ ਅੜੇ ਰਹੇ ਕਿ ਸਰਕਾਰ ਕਿੱਲੋਮੀਟਰ ਸਕੀਮ ਰੱਦ ਕਰੇ। ਮੁਲਾਜ਼ਮਾਂ ਦੇ ਧਰਨੇ ਕਾਰਨ ਨੈਸ਼ਨਲ ਹਾਈਵੇਅ ’ਤੇ ਕਈ ਕਿੱਲੋਮੀਟਰ ਤੱਕ ਜਾਮ ਲੱਗ ਗਿਆ। ਲੋਕ ਦੋ-ਤਿੰਨ ਘੰਟੇ ਤੱਕ ਖੁਆਰ ਹੁੰਦੇ ਰਹੇ। ਪੁਲੀਸ ਨੂੰ ਪਹਿਲਾਂ ਪਤਾ ਹੋਣ ਦੇ ਬਾਵਜੂਦ ਪੁਲੀਸ ਨੇ ਕੋਈ ਬਦਲਵਾਂ ਰੂਟ ਨਹੀਂ ਬਣਾਇਆ ਸੀ।
ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ, ਰਾਕੇਸ਼ ਕੁਮਾਰ, ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਇਹ ਧਰਨਾ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਪੀ ਆਰ ਟੀ ਸੀ ਵਿੱਚ ਪੰਜਾਬ ਸਰਕਾਰ ਵੱਲੋਂ ਰਾਹਤ ਸਕੀਮਾਂ ਦੇ ਤਹਿਤ 17 ਕੈਟਾਗਰੀ ਨੂੰ ਪਹਿਲਾਂ ਤੋਂ ਹੀ ਫਰੀ ਸਫ਼ਰ ਸਹੂਲਤਾਂ ਦੇ ਰਹੀ ਹੈ, ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਫ਼ੈਸਲੇ ਮੁਤਾਬਕ ਔਰਤਾਂ ਨੂੰ ਫਰੀ ਸਫਰ ਸਹੂਲਤ ਦੀ ਸੇਵਾ ਪ੍ਰਦਾਨ ਕਰ ਰਹੇ ਹਾਂ, ਪਨਬਸ, ਪੀ ਆਰ ਟੀ ਸੀ ਦਾ ਲਗਭਗ 1200 ਕਰੋੜ ਰੁਪਏ ਸਰਕਾਰ ਵੱਲ ਫਰੀ ਸਫ਼ਰ ਸਹੂਲਤ ਦਾ ਪੈਸੇ ਬਕਾਇਆ ਪੈਂਡਿੰਗ ਹੈ। ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਸਬੰਧੀ ਯੂਨੀਅਨ ਦੀਆਂ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਹਰ ਮੀਟਿੰਗ ਵਿੱਚ ਯੂਨੀਅਨ ਨੇ ਕਿਲੋਮੀਟਰ ਸਕੀਮ ( ਪ੍ਰਾਈਵੇਟ ਬੱਸਾਂ) ਨੂੰ ਘਾਟਾ ਵਾਲਾ ਸਾਬਤ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਮ ਪਬਲਿਕ ਦੀ ਪ੍ਰਾਪਟੀ ਦਾ ਜਾਣ ਬੁੱਝ ਕੇ ਵੱਡੇ ਕਾਰਪੋਰੇਟ ਨੂੰ ਲੁੱਟ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਰਕਾਰੀ ਵਿਭਾਗਾਂ ਵਿੱਚ ਆਪਣੀਆਂ ਬੱਸਾਂ ਪਾਉਣ ਦੀ ਆਗਿਆ ਦੇਵੇ ਤਾਂ ਸਰਕਾਰੀ ਵਿਭਾਗ ਪਹਿਲਾਂ ਦੀ ਤਰ੍ਹਾਂ ਹੀ ਬੈਂਕ ਤੋਂ ਕਰਜ਼ ਲੈ ਕੇ ਬੱਸਾਂ ਖਰੀਦ ਸਕਦੇ ਹਨ, ਪਹਿਲਾਂ ਵੀ ਵਿਭਾਗ ਆਪਣੇ ਪੱਧਰ ’ਤੇ ਕਰਜ਼ ਲੈ ਕੇ ਬੱਸਾਂ ਖਰੀਦ ਦੇ ਸਨ ਪ੍ਰੰਤੂ ਸੂਬਾ ਸਰਕਾਰ ਬੱਸਾਂ ਪਾਉਣ ਦੀ ਮਨਜ਼ੂਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮ ਕੋਈ ਸੰਘਰਸ਼ ਕਰਦੇ ਹਨ ਤਾਂ ਸਰਕਾਰ ਜਾਂ ਵਿਭਾਗ ਦੇ ਮੰਤਰੀ ਅਤੇ ਮੈਨੇਜਮੈਂਟ ਵਲੋਂ ਮਸਲੇ ਦਾ ਹੱਲ ਕੱਢਣ ਦੀ ਬਜਾਏ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਲਟਾ ਮੁਲਾਜ਼ਮਾਂ ਨੂੰ ਬਦਨਾਮ ਕਰਨ ਲਈ ਸਿਆਸੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਦੋਂ ਕਿ ਕੱਚੇ ਮੁਲਾਜ਼ਮਾਂ ਨੇ ਹੀ ਆਪਣੀ ਮਿਹਨਤ ਦੇ ਨਾਲ ਬੱਸਾਂ ਨੂੰ ਕਰਜ਼ਾ ਮੁਕਤ ਕਰਨਾ ਹੁੰਦਾ ਹੈ।
ਇਸ ਲਈ ਯੂਨੀਅਨ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਅਤੇ ਆਪਣੇ ਵਿਭਾਗਾਂ ਨੂੰ ਬਚਾਉਣ ਇਸ ਨਿੱਜੀਕਰਨ ਨੂੰ ਰੋਕਣ ਲਈ ਹਰ ਸੰਭਵ ਲੜਾਈ ਲੜੀ ਜਾਵੇਗੀ, ਜੇ ਟੈਂਡਰ ਰੱਦ ਨਹੀ ਹੁੰਦਾ ਤਾਂ 31 ਅਕਤੂਬਰ ਨੂੰ ਸਾਰੇ ਸ਼ਹਿਰਾਂ ਵਿੱਚ ਜਾਮ ਲਗਾਏ ਜਾਣਗੇ। ਤਰਨ ਤਾਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲ੍ਹਣ ਲਈ ਸਰਕਾਰ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ।
ਸਵਾਰੀਆਂ ਹੋਈਆਂ ਰਹੀਆਂ ਖੱਜਲ ਖੁਆਰ
ਨੈਸ਼ਨਲ ਹਾਈਵੇਅ ’ਤੇ ਜਾਮ ਹੋਣ ਕਾਰਨ ਲੋਕ ਕਾਫ਼ੀ ਪਰੇਸ਼ਾਨ ਹੁੰਦੇ ਰਹੇ। ਯੂਨੀਅਨ ਦੇ ਮੈਂਬਰਾਂ ਨੇ ਤੈਅ ਸਮੇਂ ’ਤੇ ਪ੍ਰਦਰਸ਼ਨ ਸ਼ੁਰੂ ਕੀਤਾ ਤੇ ਨੈਸ਼ਨਲ ਹਾਈ ਵੇਅ ਜਾਮ ਕਰ ਦਿੱਤਾ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਆਖ਼ਰ ਇਨ੍ਹਾਂ ਲੋਕਾਂ ਨੂੰ ਕਿਉਂ ਹਾਈ ਵੇਅ ਜਾਮ ਕਰਨ ਦਿੰਦੀ ਹੈ।
