ਨਹਿਰੀ ਪੁਲ ਦੀ ਉਸਾਰੀ ਵਿੱਚ ਦੇਰੀ ਕਾਰਨ ਪ੍ਰਦਰਸ਼ਨ
ਰਾੜਾ ਸਾਹਿਬ ਵਿੱਚ ਨਵੇਂ ਲੱਗ ਰਹੇ ਸਟੀਲ ਰੇਲਿੰਗ ਪੁਲ ਦੀ ਉੁਸਾਰੀ ਵਿੱਚ ਹੋ ਰਹੀ ਦੇਰੀ ਕਾਰਨ ਅੱਜ ਇਥੋਂ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਹਿਰ ’ਤੇ ਪਹਿਲਾਂ ਬਣੇ ਪੁਲ ’ਤੇ ਆਵਾਜਾਈ ਬੰਦ ਹੋਣ ਕਾਰਨ ਇਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬਲਜੀਤ ਸਿੰਘ ਦੇਬੀ, ਜਸਵੰਤ ਸਿੰਘ ਪੰਨੂ ਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਥੇ ਨਵਾਂ ਪੁਲ ਉਸਾਰਨ ਲਈ ਪੁਰਾਣੇ ਪੁਲ ਦੀ ਆਵਾਜਾਈ ਵੀ ਬੰਦ ਕੀਤੀ ਗਈ ਹੈ, ਜਦਕਿ ਹੋਰਨਾਂ ਕਈ ਥਾਵਾਂ ’ਤੇ ਪੁਰਾਣੇ ਪੁਲਾਂ ’ਤੇ ਆਵਾਜਾਈ ਬਹਾਲ ਰੱਖ ਕੇ ਨਵੇਂ ਨਹਿਰੀ ਪੁਲ ਉਸਾਰੇ ਗਏ ਹਨ। ਇਹ ਪੁਲ ਬੰਦ ਹੋਣ ਕਾਰਨ ਇਥੋਂ ਦੇ ਦੁਕਾਨਦਾਰਾਂ ਨੂੰ ਰੋਜ਼ਾਨਾ ਘਾਟਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਵੇਂ ਪੁਲ ਦਾ ਉਸਾਰੀ ਕਾਰਨ ਤੁਰੰਤ ਮੁਕੰਮਲ ਕਰਵਾ ਕੇ ਆਵਾਜਾਈ ਬਹਾਲ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਇਸ ਨਹਿਰੀ ਪੁਲ ’ਤੇ ਲੱਗੇ ਨੀਂਹ ਪੱਧਰ ਅਨੁਸਾਰ ਇਸ ਦੀ ਉਸਾਰੀ ਫਰਵਰੀ 2025 ਤੱਕ ਮੁਕੰਮਲ ਹੋ ਜਾਣੀ ਸੀ ਪਰ ਪੰਜ ਮਹੀਨੇ ਉੱਪਰ ਲੰਘ ਜਾਣ ਮਗਰੋਂ ਵੀ ਪੁਲ ਦੀ ਉਸਾਰੀ ਮੁਕੰਮਲ ਨਹੀਂ ਹੋ ਸਕੀ ਹੈ। ਬਰਸਾਤ ਕਾਰਨ ਨੱਕੋ ਨੱਕ ਭਰੀ ਨਹਿਰ ਉਤੋਂ ਦੋ ਪਹੀਆ ਵਾਹਨ ਚਾਲਕ ਇੱਕ-ਦੂਜੇ ਵਿੱਚ ਦੀ ਫਸ ਕੇ ਲੰਘਣ ਲਈ ਮਜਬੂਰ ਹਨ ਪਰ ਹਰ ਵੇਲੇ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ।
ਇਸ ਮੌਕੇ ਬਲਜੀਤ ਸਿੰਘ ਘਲੋਟੀ, ਰਾਕੇਸ਼ ਕੁਮਾਰ ਗੋਇਲ, ਮਾਸਟਰ ਪਰਮਜੀਤ ਸਿੰਘ ਘਣਗਸ, ਕਮਲਜੀਤ ਸਿੰਘ, ਦਵਿੰਦਰ ਸਿੰਘ ਬਿਲਾਸਪੁਰ, ਸੈਕਟਰੀ ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਰਛਪਾਲ ਸਿੰਘ ਲੋਟੇ, ਮਸਤਾਨ ਸਿੰਘ ਲੋਟੇ, ਜਸਵੰਤ ਸਿੰਘ, ਸ਼ੇਰ ਜਗਦੀਪ ਸਿੰਘ,ਲਾਲ ਸਿੰਘ ਪੰਨੂ, ਮਨਦੀਪ ਸਿੰਘ ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ, ਦਵਿੰਦਰ ਸਿੰਘ, ਜੌਨੀ ਮੈਡੀਕੋਜ਼, ਤਾਜ ਮੈਡੀਕੋਜ਼ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।
ਐੱਨਓਸੀ ਦੇਰੀ ਨਾਲ ਮਿਲਣ ਕਰਕੇ ਕੰਮ ਪੱਛੜਿਆ: ਐਕਸੀਅਨ
ਐਕਸੀਅਨ ਜਤਿਨ ਸਿੰਗਲਾ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਐੱਨਓਸੀ ਅਕਤੂਬਰ 2024 ਵਿੱਚ ਮਿਲਿਆ ਹੈ, ਜਿਸ ਕਰਕੇ ਕੰਮ ਦੇਰੀ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਅਕਤੂਬਰ ਜਾਂ ਨਵੰਬਰ 2025 ਤੱਕ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਪੁਰਾਣਾ ਪੁਲ ਵੀ ਲਗਪਗ 15 ਅਗਸਤ ਤੱਕ ਖੋਲ੍ਹ ਦਿੱਤਾ ਜਾਵੇਗਾ।