ਭਾਜਪਾ ਦੇ ਸਾਰੇ ਮੰਡਲਾਂ ’ਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਭਾਜਪਾ ਦੇ ਵੱਖ-ਵੱਖ ਮੰਡਲਾਂ ਵਿੱਚ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਰਾਜ ਆਫ਼ਤ ਰਾਹਤ ਫੰਡ ਦੇ 12 ਹਜ਼ਾਰ ਕਰੋੜ ਰੁਪਏ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਰੋਸ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਰਜਨੀਸ਼ ਧੀਮਾਨ ਨੇ ਦੋਸ਼ ਲਗਾਇਆ ਕਿ ਇਹ ਰਕਮ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਗਈ ਸੀ ਪੰਜਾਬ ਪਰ ਸਰਕਾਰ ਨੇ ਇਹ ਰਕਮ ਕਿਤੇ ਹੋਰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਦੀ ਦੁਰਵਰਤੋਂ ਕਰਨ ਲਈ ਸਰਕਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਨਾਂ ਸਿਰਫ਼ ਇਹ ਫੰਡ ਹੜੱਪੇ ਗਏ ਹਨ, ਸਗੋਂ ਦਰਿਆਵਾਂ ਵਿੱਚ ਅੰਨ੍ਹੇਵਾਹ ਅਤੇ ਡੂੰਘੀ ਮਾਈਨਿੰਗ ਨੇ ਉਨ੍ਹਾਂ ਦਾ ਕੁਦਰਤੀ ਰਸਤਾ ਵੀ ਬਦਲ ਦਿੱਤਾ, ਜਿਸ ਦੇ ਨਤੀਜੇ ਵਜੋਂ ਅੱਜ ਕਈ ਲੱਖ ਏਕੜ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਪਰ ਅੱਜ ਉਸੇ ਪਾਰਟੀ ਦੇ ਨੁਮਾਇੰਦਿਆਂ ਦੇ ਗਲਤ ਫ਼ੈਸਲਿਆਂ ਕਾਰਨ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਖੂਨ ਦੇ ਹੰਝੂ ਵਹਾਉਣ ਲਈ ਮਜ਼ਬੂਰ ਹਨ ਪਰ ਮੁੱਖ ਮੰਤਰੀ ਅਤੇ ਮੰਤਰੀ ਕੁੰਭਕਰਨ ਦੀ ਨੀਂਦ ਸੌਂ ਰਹੇ ਹਨ।
ਇਸ ਮੌਕੇ ਨਿਰਮਲ ਸਿੰਘ ਐਸਐਸ, ਨਰਿੰਦਰ ਸਿੰਘ ਮੱਲੀ, ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ, ਗੁਰਵਿੰਦਰ ਸਿੰਘ ਭਮਰਾ, ਐਡਵੋਕੇਟ ਕੁਲਦੀਪ ਕੁਮਾਰ, ਰਾਜੇਸ਼ ਮਿਸ਼ਰਾ, ਈਸ਼ਰ ਸਿੰਘ ਲਾਲਕਾ, ਹਿਮਾਂਸ਼ੂ ਕਾਲੜਾ, ਦੀਪਕ ਜੌਹਰ, ਹਰਬੰਸ ਸਿੰਘ ਸਲੂਜਾ, ਅੰਕੁਰ ਵਰਮਾ, ਸਾਰੇ ਭਾਜਪਾ ਕੌਂਸਲਰ, ਐਸੀਨੀਅਰ ਆਗੂ ਅਤੇ ਭਾਜਪਾ ਵਰਕਰ ਹਾਜ਼ਰ ਸਨ।