ਲੁਧਿਆਣਾ ਦੇ 22 ਏਡਿਡ ਕਾਲਜਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨੇ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਦੇ ਨਿਰਦੇਸ਼ਾ ’ਤੇ ਅੱਜ ਪੰਜਾਬ ਦੇ 136 ਏਡਿਡ ਕਾਲਜਾਂ ਵਿੱਚ 2 ਪੀਰੀਅਡਾਂ ਦਾ ਧਰਨਾ ਦਿੱਤਾ ਗਿਆ। ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਡਾ. ਚਮਕੌਰ ਸਿੰਘ ਨੇ ਦਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ 22 ਏਡਿਡ ਕਾਲਜਾਂ ਵਿੱਚ ਦੋ ਪੀਰੀਅਡਾਂ ਲਈ ਪੰਜਾਬ ਸਰਕਾਰ ਦੀ ਫੇਲ੍ਹ ਨੀਤੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਿਛਲੇ ਪੰਜ ਮਹੀਨਿਆਂ ਤੋਂ ਏਡਿਡ ਕਾਲਜਾਂ ਨੂੰ ਗ੍ਰਾਂਟ ਜਾਰੀ ਨਹੀਂ ਕੀਤੀ। ਕਾਲਜ ਦੇ ਪ੍ਰੋਫ਼ੈਸਰ ਵੀ ਪਿਛਲੇ 5 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਜ਼ਿੰਦਗੀ ਕੱਟਣ ਲਈ ਮਜਬੂਰ ਹਨ।
ਯੂਨੀਅਨ ਦੇ ਜਿਲ੍ਹਾ ਸਕੱਤਰ ਡਾ. ਸੁੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਆਦੇਸ਼ ਤੇ ਕੱਢੀਆਂ ਪੋਸਟਾਂ ਤੇ ਬੈਨ ਲਗਾ ਕੇ ਆਪ ਸਰਕਾਰ ਨੇ ਆਪਣਾ ਸਿੱਖਿਆ ਵਿਰੋਧੀ ਚਿਹਰਾ ਪੇਸ਼ ਕੀਤਾ ਹੈ, ਜਿਸਦੀ ਉਹ ਪੂਰੀ ਤਰ੍ਹਾਂ ਨਿਖੇਧੀ ਕਰਦੇ ਹਨ।
ਡਾ. ਰੋਹਿਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗ੍ਰਾਂਟ 95 ਫੀਸਦੀ ਤੋਂ ਘਟਾ ਕੇ 75 ਫੀਸਦੀ ਕਰ ਦਿੱਤੀ , ਜਿਸ ਨਾਲ ਏਡਿਡ ਕਾਲਜਾਂ ਦੀ ਵਿੱਤੀ ਹਾਲਤ ਖਰਾਬ ਹੋਈ ਹੈ। ਡਾ. ਰਮਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਅਤੇ ਏਡਿਡ ਕਾਲਜਾਂ ਨੂੰ ਖਤਮ ਕਰ ਕੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੱਥਾਂ ਵਿੱਚ ਉੱਚ ਸਿੱਖਿਆ ਨੂੰ ਦੇਣਾ ਚਹੁੰਦੀ ਹੈ ਪਰ ਅਸੀ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਾਂਗੇ। ਡਾ. ਵਰੁਣ ਗੋਇਲ ਨੇ ਕਿਹਾ ਕਿ ਸਤੰਬਰ 2022 ਤੋਂ ਲਾਗੂ 7ਵਾਂ ਪੇ ਕਮਿਸ਼ਨ ਸਾਰੇ ਕਾਲਜਾਂ ਵਿੱਚ ਲਾਗੂ ਨਹੀਂ ਹੋ ਪਾਇਆ, ਇਸਦਾ ਜਿੰਮੇਵਾਰ ਕੌਣ ਹੈ?, ਕਾਲਜਾਂ ਵਿੱਚ 7ਵੇਂ ਪੇ ਸਕੇਲ ਅਨੁਸਾਰ ਗਰੇਚੁਟੀ ਨਹੀਂ ਮਿਲ ਰਹੀ, ਇਸਦਾ ਜਿੰਮੇਵਾਰ ਕੌਣ ਹੈ? ਇਹਨਾਂ ਸਾਰੇ ਮੁੱਦਿਆਂ ਦੇ ਵਿਰੋਧ ਵਿੱਚ ਪੀਸੀਸੀਟੀਯੂ ਵੱਲੋਂ 29 ਅਗਸਤ ਤੱਕ ਸਾਰੇ ਕਾਲਜਾਂ ਵਿੱਚ 2 ਘੰਟੇ ਦਾ ਧਰਨਾ ਦਿੱਤਾ ਜਾਏਗਾ। ਇਸੇ ਤਰ੍ਹਾਂ 2 ਸਤੰਬਰ ਨੂੰ ਜਿਲ੍ਹਾ ਪੱਧਰੀ ਕੈਂਡਲ ਮਾਰਚ ਕੱਢਿਆ ਜਾਏਗਾ ਅਤੇ 5 ਸਤੰਬਰ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ।