ਖੇਤੀ ਨਾਲ ਸਬੰਧਤ ਖਾਲੀ ਅਸਾਮੀਆਂ ਭਰਨ ਲਈ ਮੁਜ਼ਾਹਰਾ
ਵੱਖ-ਵੱਖ ਵਿਭਾਗਾਂ ਵਿੱਚ ਖੇਤੀਬਾੜੀ ਡਿਗਰੀ ਨਾਲ ਸਬੰਧਤ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਉਣ ਲਈ ਪੀਏਯੂ ਵਿੱਚ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਦੀਆਂ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਅਸਾਮੀਆਂ ਭਰਵਾਉਣ ਲਈ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪੀਏਯੂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਮਹਿਕਮੇ ਸਮੇਤ ਵੱਖ ਵੱਖ ਵਿਭਾਗਾਂ ਵਿੱਚ ਖੇਤੀਬਾੜੀ ਡਿਗਰੀ ਨਾਲ ਸਬੰਧਤ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਉਣ ਲਈ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਥਾਪਰ ਹਾਲ ਕੋਲੋਂ ਹੁੰਦਾ ਹੋਇਆ ਵਾਪਸ ਲਾਇਬ੍ਰੇਰੀ ਨੇੜੇ ਜਾ ਕੇ ਸਮਾਪਤ ਹੋਇਆ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਮਿੱਟੀ ਵਿਭਾਗ, ਬਾਗਬਾਨੀ ਵਿਭਾਗ, ਸੈਕਟਰੀ ਮਾਰਕੀਟ ਕਮੇਟੀ, ਮਾਰਕਫੈੱਡ, ਪਨਸੀਡ ਸਮੇਤ ਅਨੇਕਾਂ ਵਿਭਾਗਾਂ ਵਿੱਚ ਏਡੀਓ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਮਾਸਟਰ ਅਤੇ ਖੇਤੀਬਾੜੀ ਸਬ- ਇੰਸਪੈਕਟਰ ਆਦਿ ਦੀਆਂ ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਬੰਧਤ ਅਧਿਕਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਹਾਲਾਂ ਤੱਕ ਇਸ ਪਾਸੇ ਕੋਈ ਸੁਣਵਾਈ ਨਹੀਂ ਹੋਈ। ਰੋਸ ਮਾਰਚ ਦੌਰਾਨ ਵਿਦਿਆਰਥੀ ਆਗੂ ਹਰਮਨ ਮਾਨ, ਸੁਨੀਲ, ਮਨਪ੍ਰੀਤ ਅਤੇ ਜੁਗਰਾਜ ਸਮੇਤ ਹੋਰ ਕਈ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ।