ਸ਼ਰਾਬ ਮਾਫ਼ੀਆ ਵਿਰੁੱਧ ਪਿੰਡ ਤਲਵੰਡੀ ਰਾਏ ਵਿੱਚ ਮੁਜ਼ਾਹਰਾ
ਹਥਿਆਰਬੰਦ ਗਰੋਹ ਅਤੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਵੱਲੋਂ ਪਿੰਡਾਂ ਵਿੱਚ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਅਤੇ ਪ੍ਰਚਾਰ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਤਲਵੰਡੀ ਰਾਏ ਦੀ ਧਰਮਸ਼ਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਅਤੇ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਨੇ ਕਿਹਾ ਕਿ ਇਲਾਕੇ ਵਿੱਚ ਸ਼ਰਾਬ ਮਾਫ਼ੀਆ ਅਤੇ ਹਥਿਆਰਬੰਦ ਗੁੰਡਾ ਗਰੋਹ ਬੇਖ਼ੌਫ਼ ਅਤੇ ਧੜੱਲੇ ਨਾਲ ਸਰਗਰਮ ਹੈ, ਪਰ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੀ ਪੁਲੀਸ ਪੂਰੀ ਤਰ੍ਹਾਂ ਬੇਬਸ ਅਤੇ ਲਾਚਾਰ ਦਿਖਾਈ ਦੇ ਰਹੀ ਹੈ। ਮਜ਼ਦੂਰ ਆਗੂਆਂ ਨੇ ਅਜਿਹੀਆਂ ਗਤੀਵਿਧੀਆਂ ਲਈ ਸੱਤਾਧਾਰੀ ਧਿਰ ਦੇ ਵਿਧਾਇਕ ਸਮੇਤ ਪੁਲੀਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰੋਸ ਪ੍ਰਦਰਸ਼ਨ ਅਤੇ ਅਰਥੀ ਫੂਕਣ ਸਮੇਂ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨਾਂ ਦਾ ਦੌਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲੀਸ ਗੁੰਡਾ ਗਰੋਹ ਅਤੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਪੁਲੀਸ ਢੁਕਵੀਂ ਕਾਰਵਾਈ ਨਹੀਂ ਕਰਦੀ। ਸੀਟੂ ਆਗੂਆਂ ਨੇ ਦੋਸ਼ ਲਾਇਆ ਕਿ ਪਿੰਡ ਬੁਰਜ ਹਕੀਮਾਂ ਦੇ ਸੀਟੂ ਵਰਕਰਾਂ ਨੂੰ ਧਮਕੀਆਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਾਥੀ ਦਾ ਕੋਈ ਨੁਕਸਾਨ ਹੋਇਆ ਤਾਂ ਪੁਲੀਸ ਅਧਿਕਾਰੀ ਜ਼ਿੰਮੇਵਾਰ ਹੋਣਗੇ।