ਪੂਰੀ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਪਾਵਰਕੌਮ ਦਫ਼ਤਰ ਮੂਹਰੇ ਮੁਜ਼ਾਹਰਾ
ਖੇਤੀ ਲਈ ਪੂਰੀ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਅੱਜ ਇਥੇ ਪਾਵਰਕੌਮ ਦਫ਼ਤਰ ਮੂਹਰੇ ਕਿਸਾਨਾਂ ਨੇ ਰੋਸ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਭਾਰਤੀ ਕਿਸਾਨ ਯੂਨੀਅਨ (ਹਸਨਪੁਰ) ਦੇ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਵਿੱਚ ਪਿੰਡ ਭਨੌਹੜ ਪੰਜਾਬ ਅਤੇ ਹਸਨਪੁਰ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਨੂੰ ਖੇਤੀਬਾੜੀ ਲਈ ਘੱਟ ਬਿਜਲੀ ਦੇਣ ਦਾ ਦੋਸ਼ ਲਾਇਆ ਅਤੇ ਪੰਜਾਬ ਸਰਕਾਰ ਤੇ ਪਾਵਰਕੌਮ ਤੋਂ ਪੂਰੇ ਅੱਠ ਘੰਟੇ ਬਿਜਲੀ ਦੇਣ ਦੀ ਮੰਗ ਕੀਤੀ। ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਖੇਤੀ ਕਰਨ ਲਈ ਬਿਜਲੀ ਘੱਟ ਦਿੱਤੀ ਜਾ ਰਹੀ ਹੈ ਅਤੇ ਇਸ ਕਰਕੇ ਕਿਸਾਨ ਪ੍ਰੇਸ਼ਾਨ ਹਨ। ਸਮੂਹ ਕਿਸਾਨਾਂ ਦੀ ਮੰਗ ਹੈ ਕਿ ਪਿੰਡ ਭਨੌਹੜ ਪੰਜਾਬ ਅਤੇ ਹਸਨਪੁਰ ਵਿਖੇ ਖੇਤੀ ਕਰਨ ਲਈ ਅੱਠ ਘੰਟੇ ਬਿਜਲੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਅੱਗੇ ਤੋਂ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਚੌਥੇ ਦਿਨ ਕਿਤੇ ਨਾ ਕਿਤੇ ਇਹ ਦਾਅਵਾ ਠੋਕਦੇ ਨਜ਼ਰ ਆਉਂਦੇ ਹਨ ਕਿ ਕਿਸਾਨਾਂ ਨੂੰ ਪੂਰੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਬਾਰੇ ਉਹ ਇਸ਼ਤਿਹਾਰਬਾਜ਼ੀ ਵੀ ਬਹੁਤ ਕਰਦੇ ਹਨ। ਭਾਸ਼ਣਾਂ ਵਿੱਚ ਤਾਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਨੁਮਾਇੰਦੇ ਇਥੋਂ ਕਹਿ ਜਾਂਦੇ ਹਨ ਕਿ ਬਿਜਲੀ ਇੰਨੀ ਆਉਂਦੀ ਹੈ ਕਿ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀ ਪੈ ਜਾਂਦੀਆਂ ਹਨ। ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਇਨ੍ਹਾਂ ਦਾਅਵਿਆਂ ਨੂੰ ਝੁਠਲਾਇਆ। ਇਸ ਸਬੰਧੀ ਜਦੋਂ ਐਕਸੀਅਨ ਰਵੀ ਚੋਪੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਸਾਨ ਜਥੇਬੰਦੀ ਦਾ ਮੰਗ ਪੱਤਰ ਮਿਲਣ ਦੀ ਗੱਲ ਮੰਨੀ ਅਤੇ ਕਿਹਾ ਕਿ ਇਸ ਤੋਂ ਹੀ ਧਿਆਨ ਵਿੱਚ ਆਇਆ ਕਿ ਦੋ ਪਿੰਡਾਂ ਵਿੱਚ ਖੇਤੀ ਲਈ ਪੂਰੀ ਬਿਜਲੀ ਨਾ ਮਿਲਣ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਜਲਦ ਇਹ ਸਮੱਸਿਆ ਦੂਰ ਕਰਨ ਦੀ ਗੱਲ ਕਰਦਿਆਂ ਆਖਿਆ ਕਿ ਕਿਸਾਨਾਂ ਨੂੰ ਖੇਤੀ ਲਈ ਪੂਰੇ ਅੱਠ ਘੰਟੇ ਬਿਜਲੀ ਸਪਲਾਈ ਮਿਲੇਗੀ ਤੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।