ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖ਼ਿਲਾਫ਼ ਸੰਘਰਸ਼ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਿਸਾਨ ਅਤੇ ਲੋਕ ਵਿਰੋਧੀ ਬਿਜਲੀ ਸੋਧ ਬਿੱਲ, ਬੀਜ ਬਿੱਲ ਤੇ ਮੁਕਤ ਵਪਾਰ ਸਮਝੌਤੇ ਤੁਰੰਤ ਰੱਦ ਨਾ ਕੀਤੇ ਤਾਂ ਦੇਸ਼ ਭਰ ਦੇ ਕਿਸਾਨ ਸੰਘਰਸ਼ ਕਰਨਗੇ। ਅੱਜ ਇੱਥੇ ਜਥੇਬੰਦੀ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਸੂਬਾਈ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਹੋਏ। ਸ੍ਰੀ ਲੱਖੋਵਾਲ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਉਪਰੋਕਤ ਨਵੇਂ ਬਿੱਲ ਲਿਆਂਦੇ ਜਾ ਰਹੇ ਹਨ ਇਹ ਪੂਰਨ ਤੌਰ ’ਤੇ ਦੇਸ਼ ਤੇ ਖ਼ਾਸਕਰ ਲੋਕਾਂ ਦੇ ਵਿਰੋਧੀ ਬਿੱਲ ਹਨ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਲਿਆ ਕੇ ਸਰਕਾਰ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ ਜੋ ਸਭ ਤੋਂ ਪਹਿਲਾਂ ਸਬਸਿਡੀ ਖ਼ਤਮ ਕਰਕੇ ਮੋਟਰਾਂ ਤੇ ਘਰਾਂ ਨੂੰ ਮਿਲਦੀ 300 ਮੁਫ਼ਤ ਯੂਨਿਟ ਖ਼ਤਮ ਕਰੇਗੀ। ਇਸ ਤੋਂ ਇਲਾਵਾ ਘਰੇਲੂ ਤੇ ਕਾਰਖਾਨੇਦਾਰਾਂ ਨੂੰ ਇੱਕ ਹੀ ਕੈਟਾਗਿਰੀ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ ਬਿਜਲੀ ਦੀ ਯੂਨਿਟ ਮਹਿੰਗੀ ਹੋਵੇਗੀ ਤੇ ਸਸਤੀ ਬਿਜਲੀ ਦਾ ਰਸਤਾ ਬੰਦ ਹੋ ਜਾਵੇਗਾ। ਇਸੇ ਤਰ੍ਹਾਂ ਬੀਜ ਬਿੱਲ ਨਾਲ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਲਈ ਦਰਵਾਜ਼ੇ ਖੁੱਲਣ੍ਹਗੇ ਅਤੇ ਵੱਡੀਆਂ ਕੰਪਨੀਆਂ ਬੀਜ ਮਹਿੰਗੇ ਭਾਅ ਤੇ ਵੇਚਣਗੇ ਜਿਸ ਨਾਲ ਦੇਸੀ ਤੇ ਰਵਾਇਤੀ ਬੀਜ਼ ਬਜ਼ਾਰ ਵਿੱਚੋਂ ਖਤਮ ਹੋ ਜਾਣਗੇ ਅਤੇ ਕੰਪਨੀਆਂ ਦੇ ਬੀਜਾਂ ਨੂੰ ਮਹਿੰਗੇ ਕੀਟਨਾਸ਼ਕ ਤੇ ਖਾਂਦਾ ਦੀ ਲੋੜ ਪਵੇਗੀ ਜਿਸ ਨਾਲ ਉਨ੍ਹਾਂ ਦਾ ਮੁਨਾਫ਼ਾ ਹੋਰ ਵਧੇਗਾ। ਇਸੇ ਤਰ੍ਹਾਂ ਮੁਕਤ ਵਪਾਰ ਸਮਝੌਤੇ ਨਾਲ ਬਾਹਰੋਂ ਸਸਤਾ ਦੁੱਧ ਤੇ ਮੱਕੀ ਆਦਿ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕੀਤਾ ਜਾਵੇਗਾ ਜਿਸ ਨਾਲ ਦੇਸ਼ ਤੇ ਪੰਜਾਬ ਦੀ ਕਿਸਾਨੀ ਹੋਲ਼ੀ ਹੋਲ਼ੀ ਤਬਾਹ ਹੋ ਜਾਵੇਗੀ ਤੇ ਸਾਰਾ ਖੇਤੀ ਸੈਕਟਰ ਪੂੰਜੀਪਤੀਆਂ ਕੋਲ ਚਲਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਇਸਦਾ ਡੱਟਵਾਂ ਵਿਰੋਧ ਕਰਕੇ ਇੱਕ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ।
