ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਗਲਾਡਾ ਦਫ਼ਤਰ ਬਾਹਰ ਧਰਨਾ ਜਾਰੀ
ਪੰਜਾਬ ਸਰਕਾਰ ਵੱਲੋਂ ਐਲਾਨੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਗਲਾਡਾ ਦਫ਼ਤਰ ਬਾਹਰ ਦਿੱਤੇ ਜਾ ਰਹੇ ਲੜੀਵਾਰ ਧਰਨੇ ਦੌਰਾਨ ਅੱਜ ਉੱਘੇ ਆਗੂ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਸਮੇਤ ਵੱਖ ਵੱਖ ਪਿੰਡਾਂ ਤੋਂ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਸਰਕਾਰ ’ਤੇ ਕਿਸਾਨਾਂ ਦੀ ਜ਼ਮੀਨ ਜ਼ਬਰੀ ਹਥਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦਾ ਦੋਸ਼ ਲਗਾਇਆ। ਅੱਜ ਧਰਨੇ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਆਪਣੀ ਇੱਕ ਇੰਚ ਜ਼ਮੀਨ ਵੀ ਸਰਕਾਰ ਨੂੰ ਹਥਿਆਉਣ ਨਹੀਂ ਦੇਣਗੇ ਅਤੇ ਜ਼ਮੀਨ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਵਰਤੇ ਜਾਣ ਵਾਲੇ ਹਰ ਹਰਬੇ ਦਾ ਡੱਟਕੇ ਮੁਕਾਬਲਾ ਕਰਦਿਆਂ ਹਰ ਸਰਕਾਰੀ ਜ਼ਬਰ ਦਾ ਇਕਜੁੱਟਤਾ ਨਾਲ ਸ਼ਾਂਤਮਈ ਤਰੀਕੇ ਨਾਲ ਜਵਾਬ ਦੇਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ। ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਉਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਜਮਾਤ ਵੀ ਆਰਥਿਕ ਤੌਰ ਤੇ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਜਿੰਨਾ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦਾ ਕੀਤਾ ਹੈ, ਉਨਾਂ ਨੁਕਸਾਨ ਅੱਜ ਤੱਕ ਕਿਸੇ ਹੋਰ ਨੇ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਖ਼ੁਦ ਨੂੰ ਆਮ ਆਦਮੀ ਕਹਿਣ ਵਾਲੇ ਲੋਕ ਅੱਜ ਅਰਬਾਪਤੀ ਭੂ-ਮਾਫ਼ੀਆ ਦੇ ਭਾਈਵਾਲ ਬਣ ਕੇ ਮਿਹਨਤੀ ਕਿਸਾਨਾਂ ਦੀ ਜ਼ਮੀਨ ਉਪਰ ਨਜ਼ਰਾਂ ਟਿਕਾਈ ਬੈਠੇ ਹਨ। ਭਾਨਾ ਸਿੱਧੂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਗਵੰਤ ਮਾਨ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੋਂ ਸੁਚੇਤ ਰਹਿੰਦੇ ਹੋਏ ਜ਼ਮੀਨ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ।
ਕਿਸਾਨ੍ਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਇਸ ਕਿਸਾਨ ਮਾਰੂ ਨੀਤੀ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਨਜੀਤ ਸਿੰਘ ਈਸੇਵਾਲ, ਅਵਤਾਰ ਸਿੰਘ ਭੱਟੀਆਂ, ਕੁਲਵੰਤ ਸਿੰਘ ਦਾਖਾ, ਦਲਵੀਰ ਸਿੰਘ ਜੋਧਾਂ, ਪਰਮਜੀਤ ਕੌਰ ਦਾਖਾ, ਪਰਮਿੰਦਰ ਸਿੰਘ ਖੇੜੀ, ਸਰਪੰਚ ਭੋਲਾ ਸਿੰਘ, ਜਗਦੇਵ ਸਿੰਘ ਅਤੇ ਹਰਕੇਵਲ ਸਿੰਘ ਹਿੱਸੇਵਾਲ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।