ਰੇਹੜੀ-ਫੜ੍ਹੀ ਵਾਲਿਆਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ
ਦੁਕਾਨਦਾਰਾਂ ਮੁਤਾਬਕ ਕਬਜ਼ੇ ਹਮੇਸ਼ਾ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਦੀ ਮਿਲੀ-ਭੁਗਤ ਕਾਰਨ ਹੁੰਦੇ ਹਨ ਪਰ ਉਹ ਕਿਸੇ ਵੀ ਗੈਰ-ਕਾਨੂੰਨੀ ਰੇਹੜੀ-ਫੜ੍ਹੀ ਨੂੰ ਮਾਰਕੀਟ ਦੇ ਸਾਹਮਣੇ ਵਾਲੀ ਜਗ੍ਹਾਂ ’ਤੇ ਕਬਜ਼ਾ ਨਹੀਂ ਕਰਨ ਦੇਣਗੇ। ਉਨ੍ਹਾਂ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਗੈਰ-ਕਾਨੂੰਨੀ ਫੇਰੀਵਾਲ ਨਾ ਸਿਰਫ਼ ਕਾਰੋਬਾਰੀ ਨੁਕਸਾਨ ਦਾ ਕਾਰਨ ਬਣਦੇ ਹਨ ਬਲਕਿ ਟਰੈਫਿਕ ਜਾਮ ਵੀ ਪੈਦਾ ਕਰਦੇ ਹਨ।
ਪਿੰਕ ਪਲਾਜ਼ਾ ਮਾਰਕੀਟ ਦੇ ਪ੍ਰਧਾਨ ਰੂਬਲ ਢੱਲ ਅਤੇ ਉਪ ਪ੍ਰਧਾਨ ਜਸਕਰਨ ਸਿੰਘ ਨੇ ਦੱਸਿਆ ਕਿ ਮਾਰਕੀਟ ਦੇ ਅੱਗੇ ਸਾਹਮਣੇ ਗੈਰ-ਕਾਨੂੰਨੀ ਤੌਰ ’ਤੇ ਰੇਹੜੀਆਂ-ਫੜ੍ਹੀਆਂ ਲਗਾ ਲੈਂਦੇ ਹਨ, ਜਿਸ ਕਾਰਨ ਉਥੇ ਕਾਫ਼ੀ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਨੇ ਮਾਰਕੀਟ ਦੀ ਸੁੰਦਰਤਾ ਵਧਾਉਣ ਲਈ ਮਾਰਕੀਟ ਦੇ ਬਾਹਰ ਇੱਕ ਵੱਡਾ ਬੋਰਡ ਲਗਾਇਆ ਗਿਆ ਸੀ ਪਰ ਹੁਣ ਦੁਬਾਰਾ ਉਸ ਦੇ ਬਾਹਰ ਰੇਹੜੀਆਂ-ਫੜ੍ਹੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੁਕਾਨਦਾਰਾਂ ਮੁਤਾਬਕ ਰੇਹੜੀ-ਫੜ੍ਹੀ ਵਾਲੇ ਬਾਜ਼ਾਰ ਵਿੱਚ ਟਰੈਫਿਕ ਜਾਮ ਦਾ ਕਾਰਨ ਬਣਦੇ ਹਨ। ਉਹ ਸੜਕ ਦੇ ਵਿਚਕਾਰ ਕਬਜ਼ਾ ਕਰ ਲੈਂਦੇ ਹਨ ਅਤੇ ਕੁਝ ਕਹਿਣ ’ਤੇ ਰਾਹਗੀਰਾਂ ਨਾਲ ਬਹਿਸ ਸ਼ੁਰੂ ਕਰ ਦਿੰਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਲੱਖਾਂ ਰੁਪਏ ਨਿਵੇਸ਼ ਕਰਨ ਦੇ ਬਾਵਜੂਦ ਉਹ ਆਪਣਾ ਕਾਰੋਬਾਰ ਸਹੀ ਢੰਗ ਨਾਲ ਨਹੀਂ ਚਲਾ ਸਕਦੇ। ਉਨ੍ਹਾਂ ਕਿਹਾ ਕਿ ਧਰਨਾ ਉਦੋਂ ਹੀ ਚੁੱਕਿਆ ਜਾਵੇਗਾ ਜਦੋਂ ਰੇਹੜੀਆਂ ਹਟਾਉਣ ਦੀਆਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ।
