ਭਾਂਦਲਾ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਧਰਨਾ
ਪਿੰਡ ਭਾਂਦਲਾ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੈ। ਇਹ ਸੜਕ ਪਿੰਡ ਭਾਂਦਲਾ ਬਸਤੀ, ਅਲੌੜ, ਭਾਂਦਲਾ ਉੱਚਾ, ਇਸਮੈਲਪੁਰ, ਅਲੀਪੁਰ, ਮਾਣਕਮਾਜਰਾ, ਖੇੜੀ ਨੌਧ ਸਿੰਘ, ਉੱਚਾ ਪਿੰਡ ਸੰਘੋਲ ਤੋਂ ਚੰਡੀਗੜ੍ਹ ਨਾਲ ਜੋੜਦੀ ਹੈ। ਇਸ ਧਰਨੇ ਵਿਚ ਜਿੱਥੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ, ਸਤਨਾਮ ਸਿੰਘ ਸੋਨੀ, ਹਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਰਪੰਚ ਹਰਿੰਦਰ ਸਿੰਘ ਬੈਨੀਪਾਲ, ਹੁਸ਼ਿਆਰ ਮਾਹੀ ਅਤੇ ਗੁਰਮੁੱਖ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਇਕ ਮਹੀਨਾ ਪਹਿਲਾ ਵੀ ਧਰਨਾ ਲਾਇਆ ਗਿਆ ਸੀ ਜਿਸ ਤੇ ਪ੍ਰਸਾਸ਼ਨ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪ੍ਰਤੂੰ ਡੇਢ ਮਹੀਨਾ ਬੀਤ ਜਾਣ ਤੇ ਵੀ ਹੁਣ ਤੱਕ ਪਿੰਡਾਂ ਦੇ ਲੋਕਾਂ ਦੇ ਲਾਂਘੇ ਲਈ ਆਰਜੀ ਰਸਤਾ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਇਸ ਸੜਕ ’ਤੇ 4 ਤੋਂ 5 ਫੁੱਟ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆ ਰਹੇ ਮਜ਼ਦੂਰ, ਮੁਲਾਜ਼ਮ, ਸਕੂਲੀ ਵਿਦਿਆਰਥੀ ਰੋਜ਼ ਇਸ ਸੜਕ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪ੍ਰਤੂੰ ਸ਼ਰਮ ਦੀ ਗੱਲ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਜਾਂ ਮੌਜੂਦਾ ਸਰਕਾਰ ਦਾ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਨਹੀਂ ਆਇਆ। ਸਤਨਾਮ ਸੋਨੀ ਨੇ ਕਿਹਾ ਕਿ ਇਸ ਸੜਕ ਦੇ ਮਾੜੇ ਹਾਲਾਤ ਕਾਰਨ ਇਥੋਂ ਦੇ ਮਜ਼ਦੂਰ ਅਤੇ ਕਾਰੋਬਾਰੀ ਵਿਹਲੇ ਹੋ ਗਏ ਹਨ ਪਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਕੋਈ ਫਰਕ ਨਹੀਂ ਪੈ ਰਿਹਾ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿੰਡਾਂ ਦੇ ਦੁੱਖੀ ਹੋਏ ਲੋਕਾਂ ਨੇ ਕਈ ਵਾਰ ਮੰਤਰੀ ਸੌਂਦ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਕਰਕੇ ਇਸ ਸੜਕ ਦੇ ਮੁੜ ਨਿਰਮਾਣ ਲਈ ਅਪੀਲਾਂ ਕੀਤੀਆਂ ਪਰ ਸਰਕਾਰ ਨੇ ਚਾਰ ਸਾਲ ਲਾਰੇ ਲਾ ਕੇ ਟਪਾ ਦਿੱਤੇ। ਇਸ ਸੜਕ ਦੀ ਖਸਤਾ ਹਾਲਤ ਕਾਰਨ ਹਰ ਤਰ੍ਹਾਂ ਦੀਆਂ ਸੇਵਾਵਾਂ ਬੰਦ ਹੋ ਗਈਆਂ ਹਨ ਅਤੇ ਕਿਸਾਨਾਂ ਨੂੰ ਚਿੰਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੀ ਝੋਨੇ ਦੀ ਫ਼ਸਲ ਖੰਨਾ ਮੰਡੀ ਤੱਕ ਕਿਵੇਂ ਲੈ ਕੇ ਆਉਣਗੇ।
ਇਸ ਮੌਕੇ ਰਾਜਿੰਦਰ ਸਿੰਘ ਬੈਨੀਪਾਲ, ਤੇਜਿੰਦਰ ਸਿੰਘ, ਰਘਬੀਰ ਸਿੰਘ, ਚਰਨਜੀਤ ਸਿੰਘ, ਮੇਜਰ ਸਿੰਘ, ਗੁਰਜੀਤ ਸਿੰਘ, ਦਰਸ਼ਨ ਰਾਮ, ਕਰਨੈਲ ਸਿੰਘ, ਸ਼ੇਰ ਸਿੰਘ, ਬਲਜੀਤ ਸਿੰਘ, ਸਵਰਨ ਸਿੰਘ, ਜ਼ੋਰਾ ਸਿੰਘ, ਸੁੱਖਾ ਗਰੇਵਾਲ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਨਜ਼ੀਰ ਖਾਨ, ਮਨਜੀਤ ਸਿੰਘ ਰਾਏ, ਗੁਰਿੰਦਰ ਸਿੰੰਘ, ਮੇਵਾ ਸਿੰਘ, ਸੁਰਿੰਦਰ ਕੁਮਾਰ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
60 ਪਿੰਡਾਂ ਨੂੰ ਖੰਨਾ ਮੰਡੀ ਨਾਲ ਜੋੜਦੀ ਹੈ ਸੜਕ
ਵਿਧਾਨ ਸਭਾ ਹਲਕਾ ਖੰਨਾ ਤੇ ਵਿਧਾਨ ਸਭਾ ਹਲਕਾ ਅਮਲੋਹ ਨੂੰ ਜੋੜਦੀ ਇਹ 18 ਫੁੱਟ ਚੌੜੀ ਸੜਕ ਦਾ ਨਾਂ ਪੰਜਾਬ ਸਰਾਕਰ ਵੱਲੋਂ ਪਿਛਲੇ ਦਿਨੀਂ ਮਰਹੂਮ ਗਾਇਕ ਸਰਦੂਲ ਸਿਕੰਦਰ ਯਾਦਗਰੀ ਮਾਰਗ ਰੱਖਿਆ ਗਿਆ ਪਰ ਇਸ ਸੜਕ ’ਤੇ ਪੈਂਦੇ 60 ਦੇ ਕਰੀਬ ਪਿੰਡ ਅੱਜ ਆਪਣੇ ਆਪ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਨਾਲੋਂ ਟੁੱਟਿਆ ਮਹਿਸੂਸ ਕਰਦੇ ਹਨ। ਇਸ ਦਾ ਕਾਰਨ ਇਹ ਸੜਕ ਹੈ ਜਿਸ ਤੇ ਕਈ ਫੁੱਟ ਡੂੰਘੇ ਚਿੱਕੜ ਨਾਲ ਭਰੇ ਟੋਏ ਹਨ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਸੜਕ ਦਾ ਪੱਕਾ ਹੱਲ ਨਹੀਂ ਹੁੰਦਾ ਧਰਨਾ ਲਗਾਤਾਰ ਜਾਰੀ ਰਹੇਗਾ।