ਵਧੇਰੇ ਨਮੀ ਦੇ ਨਾਂ ’ਤੇ ਵਾਧੂ ਝੋਨਾ ਲਏ ਜਾਣ ਖ਼ਿਲਾਫ਼ ਰੋਸ
ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ਸਣੇ ਹੋਰ ਅਨਾਜ ਮੰਡੀਆਂ ਵਿੱਚ ਕਿਸਾਨਾਂ ਤੋਂ ਝੋਨੇ ਵਿੱਚ ਨਮੀ ਵਧੇਰੇ ਹੋਣ ਦੇ ਓਹਲੇ ਵਾਧੂ ਝੋਨਾ ਲਿਆ ਜਾ ਰਿਹਾ ਹੈ। ਇਸ ਨਾਲ ਪਹਿਲਾਂ ਹੀ ਮੌਸਮ ਦੀ ਮਾਰ ਕਰਕੇ ਝਾੜ ਘੱਟ ਹੋਣ ਦੀ ਮਾਰ ਝੱਲ ਰਹੇ ਕਿਸਾਨਾਂ ’ਤੇ ਵਾਧੂ ਮਾਲੀ ਬੋਝ ਪੈ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਨੇ ਇੱਥੇ ਐੱਸ ਡੀ ਐੱਮ ਉਪਿੰਦਰਜੀਤ ਕੌਰ ਨੂੰ ਸ਼ਿਕਾਇਤ ਸੌਂਪੀ। ਇਸ ਤੋਂ ਪਹਿਲਾਂ ਐੱਸ ਡੀ ਐੱਮ ਦਫ਼ਤਰ ਦੇ ਬਾਹਰ ਇਨ੍ਹਾਂ ਕਿਸਾਨਾਂ ਨੇ ਰੋਸ ਮੁਜ਼ਾਹਰਾ ਵੀ ਕੀਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਇਨ੍ਹਾਂ ਕਿਸਾਨਾਂ ਨੇ ਦੋਸ਼ ਲਾਇਆ ਕਿ ਨਮੀ ਨਿਰਧਾਰਤ ਮਾਤਰਾ ਤੋਂ ਵੱਧ ਹੋਣ ਦੇ ਓਹਲੇ ਸੌ ਬੋਰੀਆਂ ਪਿੱਛੇ ਅੱਠ ਬੋਰੀਆਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਇਕ ਟਰੱਕ ਪਿੱਛੇ 24 ਬੋਰੀਆਂ ਜਾ ਰਹੀਆਂ ਹਨ। ਇਸ ਦੀ ਮਾਰ ਸਿੱਧੀ ਕਿਸਾਨਾਂ ’ਤੇ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬੇਮੌਸਮੀ ਬਰਸਾਤ ਤੇ ਹੜ੍ਹਾਂ ਕਰਕੇ ਝੋਨੇ ਦਾ ਝਾੜ ਘੱਟ ਹੋਇਆ ਹੈ। ਉਪਰੋਂ ਮੌਸਮ ਤਬਦੀਲੀ ਤੇ ਠੰਢਕ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਵਧੇਰੇ ਹੈ। ਇਸ ਦਾ ਫਾਇਦਾ ਚੁੱਕ ਕੇ ਸ਼ੈਲਰ ਮਾਲਕ ਵਾਧੂ ਝੋਨੇ ਦੀਆਂ ਬੋਰੀਆਂ ਲੈ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਇਸ ਪਾਸੇ ਧਿਆਨ ਦੇਵੇ। ਉਨ੍ਹਾਂ ਲੁੱਟ ਬੰਦ ਨਾ ਹੋਣ ਅਤੇ ਨਮੀ ਦੇ ਬਹਾਨੇ ਝੋਨਾ ਖਰੀਦਣ ਤੋਂ ਇਨਕਾਰ ਕਰਨ ’ਤੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਕਿਸਾਨਾਂ ਦੀ ਲੁੱਟ ਦੇ ਭਾਈਵਾਲ ਸ਼ੈਲਰ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਵੀ ਮੰਗ ਕੀਤੀ ਗਈ। ਕਾਮਰੇਡ ਕੰਵਲਜੀਤ ਖੰਨਾ ਨੇ ਦੋਸ਼ ਲਾਇਆ ਕਿ ਸਰਕਾਰੀ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਇਹ ਸਾਰੀ ਖੇਡ ਚੱਲ ਰਹੀ ਹੈ। ਉਨ੍ਹਾਂ ਤਾਂ ਇਹ ਲੁੱਟ ਕਰਨ ਵਾਲੇ ਸ਼ੈਲਰਾਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਬੇਨਕਾਬ ਕਰਨ ਦੀ ਵੀ ਚਿਤਾਵਨੀ ਕੀਤੀ। ਹਾਲੇ ਸਿਰਫ਼ ਤੀਹ ਫ਼ੀਸਦ ਝੋਨੇ ਦੀ ਖਰੀਦ ਹੋਈ ਹੈ ਤੇ ਬਾਕੀ ਖਰੀਦ ਵਿੱਚ ਜੇ ਇਹੋ ਵਰਤਾਰਾ ਜਾਰੀ ਰਹਿੰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਰੋੜਾਂ ਦਾ ਮਾਲੀ ਨੁਕਸਾਨ ਹੋਵੇਗਾ। ਕਿਸਾਨ ਆਗੂ ਆਤਮਾ ਸਿੰਘ ਬੱਸੂਵਾਲ ਤੇ ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਖ਼ਾਸ ਟੀਮ ਜਗਰਾਉਂ ਅਨਾਜ ਮੰਡੀ ਦਾ ਨਿਰੀਖਣ ਕਰਨ ਲਈ ਗਈ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੰਡੀ ਵਿੱਚ ਹੀ ਨਹੀਂ ਜਾਣ ਦਿੱਤਾ। ਇਸ ਮੌਕੇ ਸਰੂਪ ਸਿੰਘ ਭੰਮੀਪੁਰਾ, ਆਤਮਾ ਸਿੰਘ ਭੰਮੀਪੁਰਾ, ਗੁਰਜੀਤ ਸਿੰਘ ਸਮੇਤ ਕਈ ਕਿਸਾਨ ਨੇਤਾ ਮੌਜੂਦ ਸਨ।
