ਬਸੰਤ ਐਵੀਨੀਊ ’ਚ ਦੂਸ਼ਿਤ ਪਾਣੀ ਦੀ ਸਪਲਾਈ ਖ਼ਿਲਾਫ਼ ਪ੍ਰਦਰਸ਼ਨ
ਬਸੰਤ ਐਵੇਨਿਊ ਦੇ ਵਸਨੀਕਾਂ ਨੇ ਅੱਜ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਦੀ ਲਗਾਤਾਰ ਹੋ ਰਹੀ ਸਪਲਾਈ ’ਤੇ ਚਿੰਤਾ ਪ੍ਰਗਟਾਉਂਦਿਆਂ ਅੱਜ ਮੀਟਿੰਗ ਕੀਤੀ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਸਨੀਕਾਂ ਨੇ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਚਮੜੀ ਰੋਗ, ਪੇਟ ਦੀ ਲਾਗ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਅਧਿਕਾਰੀ ਨੇ ਹੁਣ ਤੱਕ ਪਾਣੀ ਦੇ ਨਮੂਨੇ ਤੱਕ ਨਹੀਂ ਲਏ।
ਮੀਟਿੰਗ ਵਿੱਚ ਕਈ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਤਹਿਤ ਪੰਜਾਬ ਸਰਕਾਰ ਤੋਂ ਕਲੋਨੀ ਦੇ ਬੁਨਿਆਦੀ ਢਾਂਚੇ ਲਈ ਜਿੰਮੇਵਾਰ ਕਲੋਨਾਈਜ਼ਰ ਦੀ ਜਵਾਬਦਾਈ ਤਹਿ ਕਰਨ, ਇਲਾਕੇ ਦੇ ਵਿਧਾਇਕ ਨੂੰ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਉਣ ਅਤੇ ਇਸ ਦਾ ਹੱਲ ਕਰਵਾਉਣ ਲਈ ਕਿਹਾ ਗਿਆ। ਅਜਿਹਾ ਨਾ ਹੋਣ ’ਤੇ ਕਾਨੂੰਨੀ ਸਹਾਇਤ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਜਾਣ, ਵਿਰੋਧ ਪ੍ਰਦਰਸ਼ਨ ਕਰਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੀ ਚੇਤਾਵਨੀ ਦਿੱਤੀ। ਬਸੰਤ ਐਵੀਨਿਊ ਦੇ ਵਸਨੀਕ ਡਾ. ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ। ਜੇਕਰ ਸਾਡੇ ਅਧਿਕਾਰੀ ਅਤੇ ਵਿਧਾਇਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਹ ਇਸ ਲੜਾਈ ਨੂੰ ਅਦਾਲਤਾਂ ਅਤੇ ਸੜ੍ਹਕਾਂ ’ਤੇ ਲੈ ਕੇ ਆਉਣ ਲਈ ਮਜਬੂਰ ਹੋ ਜਾਣਗੇ।