ਸਰਕਾਰੀ ਕਾਲਜ ਲੜਕੀਆਂ ’ਚ ਇਨਾਮ ਵੰਡ ਸਮਾਗਮ
ਲੁਧਿਆਣਾ, 13 ਮਾਰਚ
ਸਰਕਾਰੀ ਕਾਲਜ ਲੜਕੀਆਂ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਖ ਮਹਿਮਾਨ ਤੇ ਉਨ੍ਹਾਂ ਦੀ ਪਤਨੀ ਰਮਨਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸੁਮਨ ਲਤਾ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਵਿੱਚ ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਦੀਆਂ ਯੂਨੀਵਰਸਿਟੀ ਇਮਤਿਹਾਨਾਂ ਵਿੱਚ, ਐੱਨਸੀਸੀ, ਖੇਡਾਂ ਤੇ ਕਾਲਜ ਦੀਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਪ੍ਰਾਪਤੀਆਂ ਲਈ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਦਿਆਰਥਣਾਂ ਨੂੰ ਸਿੱਖਿਆ, ਖੇਡਾਂ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 42 ਵਿਦਿਆਰਥਣਾਂ ਨੂੰ ਰੋਲ ਆਫ ਆਨਰ, 88 ਵਿਦਿਆਰਥਣਾਂ ਨੂੰ ਕਾਲਜ ਕਲਰ, 79 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਵੰਡੇ ਗਏ। ਇਸ ਤੋਂ ਇਲਾਵਾ 49 ਕਾਉਂਸਲ ਮੈਂਬਰਾਂ ਨੂੰ ਸਰਟੀਫਿਕੇਟ ਅਤੇ 24 ਵਿਦਿਆਰਥਣਾਂ ਨੂੰ ਯਾਦਗਾਰੀ ਅਵਾਰਡ ਅਤੇ ਮੈਮੋਰੀਅਲ ਟਰਾਫੀਆਂ ਦਿੱਤੀਆਂ ਗਈਆਂ। ਐਮ.ਕੌਮ ਭਾਗ ਪਹਿਲਾ ਦੀ ਵਿਦਿਆਰਥਣ ਨੀਲਮ ਨੂੰ ਅਵਾਰਡ ਆਫ ਐਕਸੀਲੈਂਸ ਅਤੇ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਮਜਿਸ਼ਠਾ ਨੂੰ ਆਲ ਰਾਉਂਡ ਬੈਸਟ ਸਟੂਡੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਗਿਆਸਪੁਰਾ ਨੇ ਵਿਦਿਆਰਥਣਾਂ ਨੂੰ ਉੱਚੇ ਟੀਚੇ ਰੱਖਣ ਲਈ ਪ੍ਰੇਰਿਤ ਕੀਤਾ।
ਸਮਾਗਮ ਵਿੱਚ ਸਾਬਕਾ ਪ੍ਰਿੰਸੀਪਲ ਪ੍ਰੋ. ਡਾ. ਮਹਿੰਦਰ ਕੌਰ ਗਰੇਵਾਲ , ਡਾ. ਪਰਮਿੰਦਰ ਗਿੱਲ, ਰਾਮਗੜ੍ਹੀਆ ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ , ਸਰਪੰਚ ਦਲਵਿੰਦਰ ਸਿੰਘ, ਪ੍ਰੇਮ ਰਾਣੀ (ਪੀ.ਟੀ.ਏ. ਮੈਂਬਰ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।