ਕੇਂਦਰੀ ਜੇਲ੍ਹ ਲੁਧਿਆਣਾ ਵਿੱਚੋਂ ਫ਼ਰਾਰ ਹਵਾਲਾਤੀ ਬਿਹਾਰ ’ਚੋਂ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਲੁਧਿਆਣਾ ਦੀ ਹਾਈ ਸੁਰੱਖਿਆ ਜੇਲ੍ਹ ਵਿੱਚੋਂ ਹਫ਼ਤਾ ਪਹਿਲਾਂ ਇੱਕ ਹਵਾਲਾਤੀ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਜੇਲ੍ਹ ਪ੍ਰਸ਼ਾਸਨ ਨੂੰ ਇਹ ਸਭ ਉਦੋਂ ਪਤਾ ਲੱਗਿਆ, ਜਦੋਂ ਕੈਦੀਆਂ ਤੇ ਹਵਾਲਾਤੀਆਂ ਦੀ ਗਿਣਤੀ ਹੋਈ। ਗਿਣਤੀ ਵਿੱਚ ਇੱਕ ਹਵਾਲਾਤੀ ਘੱਟ ਸੀ। ਪ੍ਰਸ਼ਾਸਨ ਨੇ ਉਸ ਰਾਤ ਦੋ ਵਾਰ ਗਿਣਤੀ ਕੀਤੀ। ਫਿਰ ਸੁਰੱਖਿਆ ਮੁਲਾਜ਼ਮਾਂ ਨੇ ਅੰਦਰ ਹੀ ਉਸਦੀ ਭਾਲ ਸ਼ੁਰੂ ਕੀਤੀ, ਜਦੋਂ ਉਹ ਨਾ ਮਿਲਿਆ ਤਾਂ ਥਾਣਾ ਡਿਵੀਜ਼ਨ ਨੰਬਰ 7 ਵਿੱਚ ਕੇਸ ਦਰਜ ਕਰਵਾਇਆ ਗਿਆ। ਜੇਲ੍ਹ ਪ੍ਰਸ਼ਾਸਨ ਹਵਾਲਾਤੀ ਦੀ ਭਾਲ ਲਈ ਸੀਸੀਟੀਵੀ ਕੈਮਰੇ ਤੇ ਹੋਰ ਥਾਵਾਂ ’ਤੇ ਚੈਕਿੰਗ ਕਰਦਾ ਰਿਹਾ ਪਰ ਕੁੱਝ ਨਹੀਂ ਮਿਲਿਆ। ਸੂਤਰਾਂ ਮੁਤਾਬਕ ਜੇਲ੍ਹ ਪ੍ਰਸਾਸਨ ਨੂੰ ਸ਼ੱਕ ਸੀ ਕਿ ਕਿਤੇ ਮੁਲਜ਼ਮ ਸੀਵਰੇਜਜ਼ ਵਿੱਚ ਲੁੱਕਿਆ ਨਾ ਹੋਵੇ, ਇਸ ਕਰਕੇ ਸੀਵਰੇਜ ਵਿੱਚ ਭਾਲ ਲਈ ਮੁਹਿੰਮ ਚਲਾਈ ਗਈ। ਪੁਲੀਸ ਨੇ ਡਰੋਨ ਦੇ ਜ਼ਰੀਏ ਵੀ ਮੁਲਜ਼ਮ ਦੀ ਭਾਲ ਕੀਤੀ ਤੇ ਸੀਸੀਟੀਵੀ ਕੈਮਰੇ ਵੀ ਜਾਂਚੇ। ਪੁਲੀਸ ਨੂੰ ਖ਼ੁਫ਼ੀਆ ਤੰਤਰ ਰਾਹੀਂ ਪਤਾ ਲੱਗਿਆ ਕਿ ਮੁਲਜ਼ਮ ਕਿਸੇ ਤਰੀਕੇ ਜੇਲ੍ਹ ਵਿੱਚੋਂ ਫ਼ਰਾਰ ਹੋ ਕੇ ਬਿਹਾਰ ਆਪਣੇ ਪਿੱਤਰੀ ਪਿੰਡ ਪੁੱਜ ਗਿਆ ਹੈ ਜਿੱਥੇ ਪੁਲੀਸ ਨੇ ਆਪਣੀ ਟੀਮ ਭੇਜ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਵਿੱਚ ਇੱਕ-ਦੋ ਦਿਨਾਂ ਵਿੱਚ ਖੁਲਾਸਾ ਕਰੇਗੀ।
ਉੱਧਰ, ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਆਖ਼ਰ ਫ਼ਰਾਰ ਕਿਵੇਂ ਹੋਇਆ, ਇੱਹ ਇੱਕ ਵੱਡਾ ਸਵਾਲ ਹੈ ਕਿਉਂਕਿ ਦੀਵਾਰ ਰਾਹੀਂ ਕੋਈ ਵੀ ਮੁਲਜ਼ਮ ਬਾਹਰ ਨਹੀਂ ਜਾ ਸਕਦਾ, ਕਿਉਂਕਿ ਕੰਧਾਂ ਬਹੁਤ ਉੱਚੀਆਂ ਹਨ ਤੇ ਕੰਧ ਉਪਰ ਕਰੰਟ ਲਗਾ ਕੇ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।