ਸ਼ਾਨਦਾਰ ਸੇਵਾਵਾਂ ਲਈ ਪ੍ਰਿੰਸੀਪਲ ਤੇ ਅਧਿਆਪਕ ਦਾ ਸਨਮਾਨ
ਅਲਾਇੰਸ ਇੰਟਰਨੈਸ਼ਨਲ ਕਲੱਬ ਵੱਲੋਂ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਂਦਰਾ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਕਲੱਬ ਦੇ ਅੰਤਰਰਾਸ਼ਟਰੀ ਸਲਾਹਕਾਰ ਐੱਸ ਐੱਸ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਿਰਕਤ ਕੀਤੀ। ਸਮਾਗਮ ਵਿੱਚ ਕਲੱਬ ਵੱਲੋਂ ਜ਼ਿਲ੍ਹਾ ਗਵਰਨਰ ਹਰਬੰਸ ਸਿੰਘ ਵਿਰਦੀ, ਵਾਈਸ ਪ੍ਰਧਾਨ ਬਲਵੰਤ ਸਿੰਘ, ਰੇਣੂ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ੍ਰੀ ਵਿਰਦੀ ਨੇ ਦੱਸਿਆ ਕਿ ਕਲੱਬ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ, ਵਿਦਿਆਰਥੀਆਂ ਲਈ ਸਹਿਯੋਗ, ਵਾਤਾਵਰਨ ਦੀ ਸੰਭਾਲ, ਸਿਹਤ ਜਾਗਰੂਕਤਾ ਅਤੇ ਹੋਰ ਕਈ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ।
ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਪਾਣੀ, ਹਵਾ, ਵਾਤਾਵਰਨ, ਬਜ਼ੁਰਗਾਂ ਦਾ ਸਤਿਕਾਰ ਆਦਿ ਵਿਸ਼ਿਆਂ ’ਤੇ ਗੀਤ, ਕਵਿਤਾਵਾਂ ਅਤੇ ਸਕਿੱਟਾਂ ਪੇਸ਼ ਕੀਤੀਆਂ। ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ। ਪ੍ਰਿੰਸੀਪਲ ਸਰੋਜ ਕੁਮਾਰੀ ਨੂੰ ਸਿੱਖਿਆ ਦੇ ਖੇਤਰ ਵਿੱਚ ਉੱਤਮ ਕਾਰਗੁਜ਼ਾਰੀ, ਖੇਡਾਂ ਕਰਾਉਣ, ਸੱਭਿਆਚਾਰਕ ਗਤੀਵਿਧੀਆਂ ਕਰਾਉਣ, ਵੱਖ-ਵੱਖ ਸਕੂਲਾਂ ਦੇ ਸੈਮੀਨਾਰ ਕਰਾਉਣ, ਸੱਭਿਆਚਾਰਕ ਸਮਾਗਮ ਅਤੇ ਕੁਸ਼ਲ ਪ੍ਰਬੰਧਕ ਵਜੋਂ ਵਧੀਆ ਸੇਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਗਿਆ। ਸਕੂਲ ਲੈਕਚਰਾਰ ਰੀਤੂ ਰਾਣੀ ਨੂੰ ਉਨ੍ਹਾਂ ਦੇ ਮਾਸਟਰ ਕੇਡਰ ਤੋਂ ਲੈਕਚਰਾਰ ਬਣਨ ਤੱਕ ਸ਼ਾਨਦਾਰ ਸੇਵਾਵਾਂ ਨਿਭਾਉਣ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪ੍ਰਿੰਸੀਪਲ ਸਰੋਜ ਕੁਮਾਰੀ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਅਗਾਂਹਵਧੂ ਗੀਤ ਸੁਣਾਏ। ਮੰਚ ਸੰਚਾਲਨ ਲੈਕਚਰਾਰ ਗੀਤਾ ਭੱਲਾ ਨੇ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਮਨਜੀਤ ਕੌਰ, ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਸਕੂਲ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ, ਸਰਕਾਰੀ ਹਾਈ ਸਕੂਲ ਸਰਾਭਾ ਨਗਰ ਦੇ ਮੁੱਖ ਅਧਿਆਪਕ ਵਿਵੇਕ ਮੋਂਗਾ ਅਤੇ ਇਲਾਕਾ ਨਿਵਾਸੀਆਂ ਨੇ ਮਾਣਮੱਤੀ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
