ਪ੍ਰਧਾਨ ਮੰਤਰੀ ਹੁਣ ਪੰਜਾਬੀਆਂ ਪ੍ਰਤੀ ਆਪਣਾ ਪਿਆਰ ਜੱਗ ਜ਼ਾਹਿਰ ਕਰਨ: ਜਗੇੜਾ
ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਕਿਹਾ ਹੈ ਕਿ ਪੰਜਾਬ ਹੜ੍ਹਾਂ ਕਾਰਨ ਤ੍ਰਾਹ ਤ੍ਰਾਹ ਕਰ ਰਿਹਾ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਿੱਖਾਂ ਪ੍ਰਤੀ ਆਪਣਾ ਪਿਆਰ ਦਿਖਾਉਣ ਦਾ ਮੌਕਾ ਹੈ, ਇਸ ਲਈ ਉਹ ਹੁਣ ਕੇਂਦਰ ਵੱਲੋਂ ਦਿਲ ਖੋਲ੍ਹ ਕੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਪੈਕੇਜ ਦਾ ਐਲਾਨ ਕਰਨ ਤਾਂ ਜੋ ਵਿਰੋਧੀਆਂ ਨੂੰ ਵੀ ਪਤਾ ਲੱਗ ਸਕੇ ਕਿ ਨਰਿੰਦਰ ਮੋਦੀ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰ ਸੋਚ ਅਤੇ ਦਿਲੋਂ ਸਨੇਹ ਰੱਖਦੇ ਹਨ। ਅੱਜ ਜਮਾਲਪੁਰ ਸਥਿਤ ਸੁਰਿੰਦਰ ਸਿੰਘ ਦੇ ਗ੍ਰਹਿ ਵਿੱਚ ਇੱਕ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਸਿੱਖ ਧਰਮ ਪ੍ਰਤੀ ਬਹੁਤ ਆਸਥਾ ਹੈ ਅਤੇ ਇਹ ਗੱਲ ਜੱਗ ਜ਼ਾਹਿਰ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਸਣੇ ਮੋਦੀ ਨੇ ਆਪਣੇ ਕਾਰਜ ਕਾਲ ਵਿੱਚ ਸਿੱਖਾਂ ਦੇ ਕਈ ਮਸਲੇ ਹੱਲ ਕੀਤੇ ਹਨ। ਸੰਤ ਜਗੇੜਾ ਨੇ ਦੱਸਿਆ ਕਿ ਸੰਤ ਸਮਾਜ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਡੇ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਸਮੁਹ ਐੱਨਆਰਆਈ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਭਰਾਵਾਂ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ। ਇਸ ਮੌਕੇ ਸ਼ਿੰਗਾਰਾ ਸਿੰਘ, ਗੁਰਸੇਵਕ ਸਿੰਘ ਹਾਜ਼ਰ ਸਨ।